ਨਵਜੋਤ ਸਿੰਘ ਸਿੱਧੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਪੈਦਾ ਕਲੇਸ਼ ਵੱਧਣ ਲੱਗ ਗਿਆ ਹੈ। ਬੀਤੇ ਦਿਨੀਂ ਪ੍ਰਤਾਪ ਸਿੰਘ ਬਾਜਵਾ ਵੱਲੋਂ ਸਿੱਧੂ ਨੂੰ ਦਿੱਤੀ ਗਈ ਸਲਾਹ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਿਨਾਂ ਨਾਂ ਲਏ ਨਵਜੋਤ ਸਿੰਘ ਸਿੱਧੂ ਨੂੰ ਸਲਾਹ ਦਿੰਦੇ ਕਿਹਾ ਕਿ ਆਪਣੇ ਜ਼ਾਬਤੇ ਵਿਚ ਰਹਿਣ। ਪਹਿਲਾਂ ਵੀ ਜ਼ਾਬਤਾ ਤੋੜਨ ਵਾਲੇ ਸਾਡਾ ਬੇਹੱਦ ਨੁਕਸਾਨ ਕਰ ਗਏ ਹਨ। ਉਨ੍ਹਾਂ ਮੰਚ ਤੋਂ ਕਿਹਾ ਕਿ ਆਪਣੀ ਪਾਰਟੀ ਨੂੰ ਭੰਡਣ ਨਾਲ ਗੱਲ ਨਹੀਂ ਬਣੇਗੀ। ਰਾਜਾ ਵੜਿੰਗ ਨੇ ਕਿਹਾ ਕਿ ਮੇਰੀ ਬੇਨਤੀ ਹੈ ਕਿ ਹਰ ਵਿਅਕਤੀ ਛੋਟੇ ਤੋਂ ਵੱਡੇ ਤੱਕ ਭਾਵੇਂ ਪਿੰਡ ਦਾ ਸਰਪੰਚ, ਭਾਵੇਂ ਸਾਬਕਾ ਸੂਬਾ ਪ੍ਰਧਾਨ ਹੀ ਕਿਉਂ ਨਾ ਹੋਵੇ ਆਪਣੇ ਜ਼ਾਬਤੇ ਵਿਚ ਰਹਿਣ। ਬਿਨਾਂ ਜ਼ਾਬਤਾ ਵਾਲਿਆਂ ਨੇ ਹੀ ਪਹਿਲਾਂ ਸਾਡੀ ਪਾਰਟੀ ਦਾ ਨੁਕਸਾਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਜਿਹੜੇ ਕਾਂਗਰਸ ਦੇ ਕੁਝ ਲੀਡਰਾਂ ਨੂੰ ਜ਼ਾਬਤੇ ਵਿਚ ਰਹਿਣ ਦੀ ਆਦਤ ਨਹੀਂ ਹੈ, ਮੈਂ ਨਿਮਰਤਾ ਨਾਲ ਹੱਥ ਜੋੜ ਕੇ ਅਤੇ ਸਿਰ ਝੁਕਾ ਕੇ ਬੇਨਤੀ ਕਰਦਾ ਹਾਂ ਕਿ ਉਹ ਜ਼ਾਬਤੇ ਵਿਚ ਰਹਿਣ। ਮੰਚ ਤੋਂ ਪਾਰਟੀ ਨੂੰ ਭੰਡਣ ਨਾਲ ਗੱਲ ਨਹੀਂ ਬਣੇਗੀ, ਮੰਚ ‘ਤੇ ਚੜ੍ਹਦੀ ਕਲਾਂ ਦੀ ਗੱਲ ਕਰੋਗੇ ਤਾਂ ਉਨ੍ਹਾਂ ਨੂੰ ਪਰਮਾਤਮਾ ਫਤਿਹ ਬਖ਼ਸ਼ਦਾ ਹੈ। ਜੇ ਆਪਣਾ ਏਕਾ ਹੈ ਤਾਂ ਏਕੇ ਵਿਚ ਹੀ ਬਰਕਤ ਹੁੰਦੀ ਹੈ। ਜਿਸ ਘਰ ਵਿਚ ਏਕਾ ਨਾ ਹੋਵੇ, ਜਿਸ ਪਾਰਟੀ ਵਿਚ ਏਕਾ ਨਾ ਹੋਵੇ, ਉਹ ਸਾਰੇ ਫੇਲ੍ਹ ਹੋ ਜਾਂਦੇ ਹਨ। ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਮੈਂ ਹਦਾਇਤ ਦੇਣਾ ਚਾਹੁੰਦਾ ਹਾਂ ਕਿ ਹਰ ਵਿਅਕਤੀ ਜ਼ਾਬਤੇ ਵਿਚ ਰਹੇ।