ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਐਕਸ਼ਨ ਵਿੱਚ ਵਾਪਸ ਆ ਗਏ ਹਨ। ਸਿੱਧੂ ਦੇ ਐਕਸ਼ਨ ਵਿੱਚ ਆਉਣ ਤੋਂ ਬਾਅਦ ਸੀਨੀਅਰ ਕਾਂਗਰਸੀਆਂ ਦੀਆਂ ਚਿੰਤਾਵਾਂ ਵਧਣ ਲੱਗੀਆਂ ਹਨ। ਕਾਂਗਰਸ ‘ਚ ਸਿੱਧੂ ਦੇ ਵਿਰੋਧੀ ਧੜੇ ਨੇ ਤਾਂ ਉਨ੍ਹਾਂ ਖਿਲਾਫ ਅਨੁਸ਼ਾਸਨੀ ਕਾਰਵਾਈ ਦੀ ਮੰਗ ਵੀ ਕੀਤੀ ਹੈ। ਇਸ ਤੋਂ ਪਹਿਲਾਂ ਲੋਕ ਸਭਾ 2022 ਦੀਆਂ ਚੋਣਾਂ ‘ਚ ਸਿੱਧੂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਚੱਲ ਪਏ ਸਨ, ਜਦਕਿ ਹੁਣ ਲੋਕ ਸਭਾ 2024 ਦੀਆਂ ਚੋਣਾਂ ਤੋਂ ਪਹਿਲਾਂ ਉਨ੍ਹਾਂ ਦਾ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨਾਲ ਟਕਰਾਅ ਚੱਲ ਰਿਹਾ ਹੈ। ਵਿਧਾਨ ਸਭਾ 2022 ‘ਚ ਨਵਜੋਤ ਸਿੰਘ ਸਿੱਧੂ ਦੀ ਪਾਰਟੀ ਨਾਲ ਤਕਰਾਰ ਤੋਂ ਬਾਅਦ ਪੰਜਾਬ ‘ਚ ਕਾਂਗਰਸ 78 ਤੋਂ 18 ਸੀਟਾਂ ‘ਤੇ ਆ ਗਈ ਸੀ। ਹੁਣ 13 ਲੋਕ ਸਭਾ ਸੀਟਾਂ ਦਾ ਸਵਾਲ ਹੈ ਅਤੇ ਇਸ ਸਮੇਂ ਲੋਕ ਸਭਾ ਵਿੱਚ ਕਾਂਗਰਸ ਦੇ ਪੰਜਾਬ ਤੋਂ 7 ਸੰਸਦ ਮੈਂਬਰ ਹਨ। ਪਰ ਜੇਕਰ ਸਿੱਧੂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸੇ ਤਰ੍ਹਾਂ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਤੋਂ ਦੂਰ ਹੁੰਦੇ ਰਹੇ ਤਾਂ ਚਿੰਤਾਵਾਂ ਵਧਣੀਆਂ ਤੈਅ ਹਨ।
ਦੱਸ ਦਈਏ ਕਿ ਬੀਤੇ ਦਿਨ ਨਵਜੋਤ ਸਿੱਧੂ ਨੇ ਟਵੀਟ ਕੀਤਾ ਸੀ ਸਤਿਕਾਰਯੋਗ ਬਾਜਵਾ ਸਾਬ ਜੀ ਅਸੀਂ ਕਾਂਗਰਸ ਦੇ ਅਹੁਦੇਦਾਰ ਅਤੇ ਵਰਕਰ ਇਹ ਪੁੱਛਣਾ ਚਾਹੁੰਦੇ ਹਾਂ ਕਿ ਨਾ ਸਾਨੂੰ ਅਤੇ ਨਾ ਹੀ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦੇ ਸਮਾਗਮਾਂ ‘ਚ ਸੱਦਿਆ ਜਾਂਦਾ ਹੈ। ਤੇ ਜੇ ਅਸੀਂ ਕਾਂਗਰਸ ਦੀ ਬੇਹਤਰੀ ਲਈ ਪਾਰਟੀ ਵਰਕਰਾਂ ਦੇ ਸੱਦੇ ‘ਤੇ ਰੈਲੀ ਰੱਖ ਕੇ 8 ਹਜ਼ਾਰ ਤੋਂ ਉੱਤੇ ਇੱਕਠ ਕੀਤਾ ਤਾ ਸਾਡਾ ਹੌਸਲਾ ਵਧਾਉਣ ਦੀ ਬਜਾਏ ਸਾਨੂੰ ਮਾੜਾ ਕਿਉ ਕਿਹਾ ਜਾ ਰਿਹਾ ਹੈ। ਅਸੀਂ ਅਹੁਦੇਦਾਰ ਅਤੇ ਵਰਕਰ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਰੁੱਝੇ ਹੋਏ ਹਾਂ। ਪਰ ਸਰਦਾਰ ਨਵਜੋਤ ਸਿੱਧੂ ਨਾਲ ਨੇੜਤਾ ਕਰਕੇ ਸਾਡੇ ਨਾਲ ਪਾਰਟੀ ਵਿਚ ਪੱਖਪਾਤ ਕਿਉਂ ਕੀਤਾ ਜਾ ਰਿਹਾ ਹੈ। ਕਾਂਗਰਸ ਪਾਰਟੀ ਸਾਡੀ ਮਾਂ ਪਾਰਟੀ ਹੈ ਅਤੇ ਅਸੀਂ ਪਾਰਟੀ ਨੂੰ ਉਨ੍ਹਾਂ ਹੀ ਪਿਆਰ ਅਤੇ ਸਤਿਕਾਰ ਦਿੰਦੇ ਹਾਂ ਜਿੰਨਾ ਤੁਸੀਂ। ਪਿਛਲੇ ਲਗਭਗ ਇਕ ਮਹੀਨੇ ਤੋਂ ਤੁਸੀਂ ਵਿਰੋਧੀ ਧਿਰ ਵੱਜੀ ਕੋਈ ਵੱਡਾ ਸਮਾਗਮ ਨਹੀਂ ਕੀਤਾ ਜਦਕਿ ਅਸੀਂ ਸਰਕਾਰ ਤੋਂ ਔਖੇ ਲੋਕਾਂ ਦੇ ਸਵਾਲ ਖੁੱਲੀ ਰੈਲੀ ਕਰਕੇ ਸਰਕਾਰ ਅੱਗੇ ਰੱਖੇ। ਅਸਲ ‘ਚ ਦੁੱਖ ਇਸ ਗੱਲ ਦਾ ਹੈ ਕਿ ਵਰਕਰਾਂ ਨੂੰ ਮਾਣ ਸਤਿਕਾਰ ਅਤੇ ਨੁਮਾਇੰਦਗੀ ਨਹੀਂ ਮਿਲ ਰਹੀ ਤੇ ਜੇ ਕਿਸੇ ਸਿੱਧੂ ਵਰਗੇ ਲੀਡਰ ਨੇ ਵਰਕਰਾਂ ਦੀ ਬਾਂਹ ਫੜੀ ਹੈ ਤਾ ਕੁਝ ਲੀਡਰਾਂ ਨੂੰ ਇਹ ਗੱਲ ਚੁੱਭ ਕਿਉਂ ਰਹੀ ਹੈ। ਉਮੀਦ ਕਰਦੇ ਹਾਂ ਕਿ ਪੰਜਾਬ ਦੀ ਲੀਡਰਸ਼ਿਪ ਨਵਜੋਤ ਸਿੱਧੂ ਅਤੇ ਸਾਧਾਰਨ ਵਰਕਰਾਂ ਨਾਲ ਪੱਖਪਾਤ ਨਹੀਂ ਕਰੇਗੀ।
ਦੱਸ ਦਈਏ ਕਿ ਪ੍ਰਤਾਪ ਸਿੰਘ ਬਾਜਵਾ ਨੇ ਬੀਤੇ ਦਿਨੀਂ ਨਵਜੋਤ ਸਿੰਘ ਸਿੱਧੂ ਨੂੰ ਵਖ਼ਰਾ ਅਖਾੜਾ (ਆਪਣੇ ਪੱਧਰ ’ਤੇ ਕਾਂਗਸੀਆਂ ਨੂੰ ਨਾ ਮਿਲਣ) ਨਾ ਲਗਾਉਣ ਦੀ ਨਸੀਹਤ ਦਿੱਤੀ ਸੀ। ਸਿੱਧੂ ਨੂੰ ਨਸੀਹਤ ਦਿੰਦੇ ਹੋਏ ਪ੍ਰਤਾਪ ਬਾਜਵਾ ਨੇ ਕਿਹਾ ਕਿ ਉਹ ਇਕ ਮੰਚ ’ਤੇ ਆਉਣ ਅਤੇ ਵੱਖਰਾ ਅਖਾੜਾ ਨਾ ਲਾਉਣ। ਬਾਜਵਾ ਨੇ ਕਿਹਾ ਕਿ ਸਿੱਧੂ ਸਾਹਿਬ ਵੱਖਰਾ ਅਖਾੜਾ ਲਗਾਉਣਾ ਬੰਦ ਕਰੋ ਜੇ ਪਾਰਟੀ ਨੇ ਤੁਹਾਨੂੰ ਇੱਜ਼ਤ ਮਾਨ ਦੇ ਦਿੱਤਾ ਹੈ, ਉਸ ਨੂੰ ਪਚਾਓ ਅਤੇ ਅਜਿਹਾ ਕੰਮ ਨਾ ਕਰੋ। ਪਹਿਲਾਂ ਦੀ ਜਦੋਂ ਤੁਸੀਂ ਪ੍ਰਧਾਨ ਸੀ ਤਾਂ ਸੀਟਾਂ 78 ਤੋਂ 18 ’ਤੇ ਲੈ ਆਏ ਹੋ। ਬਾਜਵਾ ਨੇ ਸਿੱਧੂ ਨੂੰ ਕਿਹਾ ਕਿ ਹੋਰ ਕੀ ਚਾਹੁੰਦੇ ਹੋ। ਚੁੱਪ ਹੋ ਕੇ ਪਾਰਟੀ ਦੇ ਕੈਡਰ ਨਾਲ ਚੱਲੋ, ਪਾਰਟੀ ਦੀਆਂ ਸਟੇਜਾ ’ਤੇ ਆਓ। ਬਾਜਵਾ ਨੇ ਕਿਹਾ ਕਿ ਦੋ ਦਿਨ ਬਾਅਦ ਪਾਰਟੀ ਦੇ ਧਰਨੇ ਜਗਰਾਓਂ ਅਤੇ ਫਗਵਾੜਾ ਵਿਚ ਹਨ। ਉਥੇ ਆਉਣ ਅਤੇ ਬੋਲਣ, ਪੰਜਾਬ ਦਾ ਕੋਈ ਕਾਂਗਰਸੀ ਇਸ ਨੂੰ ਚੰਗਾ ਨਹੀਂ ਸਮਝਦਾ ਅਤੇ ਸਿੱਧੂ ਸਾਹਿਬ ਨੂੰ ਸਲਾਹ ਦੇਣ ਵਾਲੇ ਵੀ ਇਸ ਨੂੰ ਗਲਤ ਹੀ ਦੱਸਦੇ ਹੋਣਗੇ। ਬਾਜਵਾ ਨੇ ਕਿਹਾ ਕਿ ਇਹ ਪਾਰਟੀ ਦਾ ਮੰਚ ਹੈ ਅਤੇ ਸਾਰੇ ਕਾਂਗਰਸੀਆਂ ਲਈ ਹੈ ਪਰ ਫਿਰ ਵੀ ਉਹ ਉਨ੍ਹਾਂ ਨੂੰ ਸੱਦਾ ਦਿੰਦੇ ਹਨ। ਬਾਜਵਾ ਨੇ ਕਿਹਾ ਕਿ 21 ਅਤੇ 22 ਤਾਰੀਖ਼ ਨੂੰ ਪੰਜਾਬ ਸਰਕਾਰ ਖ਼ਿਲਾਫ਼ ਲੱਗ ਰਹੇ ਧਰਨਾ ਵਿਚ ਆਓ ਅਤੇ ਆਪਣੀ ਗੱਲ ਰੱਖੋ।