ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਅੱਜ 13ਵਾਂ ਦਿਨ ਸੀ । ਇਸ ਦੌਰਾਨ ਸੰਸਦ ‘ਚ 141 ਸੰਸਦ ਮੈਂਬਰਾਂ ਦੀ ਮੁਅੱਤਲੀ ਵਿਰੁੱਧ ਵਿਰੋਧੀ ਧਿਰਾਂ ਦਾ ਪ੍ਰਦਰਸ਼ਨ ਜਾਰੀ ਰਿਹਾ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਪਹਿਲਾਂ ਗਾਂਧੀ ਦੇ ਬੁੱਤ ਦੇ ਸਾਹਮਣੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਫਿਰ ਸੰਸਦ ਦੇ ਮਕਰ ਗੇਟ ਦੇ ਬਾਹਰ ਪ੍ਰਦਰਸ਼ਨ ਕੀਤਾ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਵਿਰੋਧੀ ਧਿਰ ਦਾ ਵਿਰੋਧ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸੰਸਦ ਮੈਂਬਰਾਂ ਦੀ ਮੁਅੱਤਲੀ ਵਾਪਸ ਨਹੀਂ ਲਈ ਜਾਂਦੀ।
ਇਸ ਦੌਰਾਨ ਪੰਜਾਬ ਦੇ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅੱਜ ਲੋਕ ਸਭਾ ‘ਚ ਸਿੱਖ ਭਾਈਚਾਰੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ। ਬਾਦਲ ਨੇ ਕਿਹਾ ਕਿ ਸਿੱਖ ਹੋਣ ਦੇ ਨਾਅਤੇ ਮੈਂ ਦੱਸਣਾ ਚਾਹਾਂਗੀ ਕਿ ਸਾਡੇ ਪੰਜਾਬ ਅਤੇ ਪੰਜਾਬੀਆਂ ਨੇ ਪੁਲਸ ਤਸ਼ੱਦਦ ਨੂੰ ਸਹਿਆ ਹੈ। ਹਰਸਿਮਰਤ ਨੇ ਕਿਹਾ ਕਿ ਸਿੱਖ ਭਾਈਚਾਰੇ ਨੇ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ। ਬਾਦਲ ਨੇ ਸਿੱਧਾ ਕਾਂਗਰਸ ‘ਤੇ ਹਮਲਾ ਬੋਲਦਿਆਂ ਕਿਹਾ ਕਿ ਕਿਉਂ ਅੱਜ ਤੱਕ ਇੰਦਰਾ ਗਾਂਧੀ ‘ਤੇ ਕੋਈ ਕਾਨੂੰਨ ਨਹੀਂ ਲੱਗਾ। ਦਿੱਲੀ ‘ਚ 1984 ਦੇ ਦੰਗੇ ਹੋਏ। ਕਿੰਨੇ ਸਿੱਖਾਂ ਦੇ ਕਤਲੇਆਮ ਹੋਏ, ਸਿਰਫ਼ ਇਕ FIR ਦਰਜ ਹੋਈ। ਅੱਜ ਵੀ ਸਾਨੂੰ ਕੋਈ ਇਨਸਾਫ਼ ਨਹੀਂ ਮਿਲਿਆ।
ਇਸ ਤੋਂ ਬਾਅਦ ਸੰਸਦ ਦੀ ਸੁਰੱਖਿਆ ਕੁਤਾਹੀ ਦਾ ਮੁੱਦਾ ਵੀ ਹਰਸਿਮਰਤ ਬਾਦਲ ਨੇ ਚੁੱਕਿਆ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੇ ਭਾਵਨਾ ‘ਚ ਵਹਿ ਕੇ ਅਜਿਹੇ ਕਦਮ ਚੁੱਕੇ। ਉਨ੍ਹਾਂ ਨੇ ਕਿਸਾਨਾਂ, ਬੇਰੁਜ਼ਗਾਰ ਅਤੇ ਮਣੀਪੁਰ ਮੁੱਦੇ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਅਜਿਹਾ ਕਦਮ ਚੁੱਕਿਆ।