ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਅੱਜ 12ਵਾਂ ਦਿਨ ਹੈ। ਸਰਦ ਰੁੱਤ ਸੈਸ਼ਨ ਦੌਰਾਨ ਅੱਜ ਲੋਕ ਸਭਾ ’ਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦਾ ਹੰਗਾਮਾ ਵੇਖਣ ਨੂੰ ਮਿਲਿਆ। ਵਿਰੋਧੀ ਧਿਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸੰਸਦ ਦੀ ਸੁਰੱਖਿਆ ’ਚ ਕੁਤਾਹੀ ਦੇ ਬਿਆਨ ’ਤੇ ਅੜੀ ਹੋਈ ਹੈ। ਲੋਕ ਸਭਾ ’ਚ ਸੁਰੱਖਿਆ ਦੇ ਮੁੱਦੇ ’ਤੇ ਸਦਨ ’ਚ ਭਾਰੀ ਹੰਗਾਮਾ ਕਰਨ ਵਾਲੇ 49 ਵਿਰੋਧੀ ਸੰਸਦ ਮੈਂਬਰਾਂ ਨੂੰ ਸਰਦ ਰੁੱਤ ਸੈਸ਼ਨ ਦੇ ਬਾਕੀ ਰਹਿੰਦੇ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ। ਅਜਿਹੇ ’ਚ ਸੰਸਦ ਤੋਂ ਮੁਅੱਤਲ ਕੀਤੇ ਗਏ ਸੰਸਦ ਮੈਂਬਰਾਂ ਦੀ ਗਿਣਤੀ 141 ਹੋ ਗਈ ਹੈ। ਮੁਅੱਤਲ ਕੀਤੇ ਗਏ ਸੰਸਦ ਮੈਂਬਰਾਂ ਵਿੱਚ ਸੁਸ਼ੀਲ ਕੁਮਾਰ ਰਿੰਕੂ, ਰਵਨੀਤ ਸਿੰਘ ਬਿਟੂ,ਜਸਵੀਰ ਸਿੰਘ ਗਿੱਲ,ਗੁਰਜੀਤ ਸਿੰਘ ਔਜਲਾ,ਮਨੀਸ਼ ਤਿਵਾਰੀ,ਸ਼ਸ਼ੀ ਥਰੂਰ, ਡਿੰਪਲ ਯਾਦਵ, ਮਨੀਸ਼ ਤਿਵਾਰੀ, ਸੁਪ੍ਰੀਆ ਸੁਲੇ ਅਤੇ ਦਾਨਿਸ਼ ਅਲੀ ਆਦਿ ਦੇ ਨਾਂ ਸ਼ਾਮਲ ਹਨ।
ਉੱਥੇ ਹੀ ਦੂਜੇ ਪਾਸੇ ਹੁਣ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਵੀ ਲੋਕ ਸਭਾ ਦੀ ਸੁਰੱਖਿਆ ਵਿੱਚ ਹੋਈ ਛੇੜਛਾੜ ਤੋਂ ਬਾਅਦ ਗੰਭੀਰ ਹੋ ਗਏ ਹਨ। ਉਨ੍ਹਾਂ ਪੰਜਾਬ ਪੁਲਿਸ ਅਤੇ ਸਟਾਫ਼ ਨੂੰ ਵਿਧਾਨ ਸਭਾ ਦੀ ਸੁਰੱਖਿਆ ਨੂੰ ਪੁਖ਼ਤਾ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਕਿਉਂਕਿ ਲੋਕ ਸਭਾ ਵਿੱਚ ਇਹ ਘਟਨਾ VISITOR PASS ਰਾਹੀਂ ਦਾਖ਼ਲ ਹੋਣ ਵਾਲੇ ਲੋਕਾਂ ਕਾਰਨ ਵਾਪਰੀ ਸੀ, ਇਸ ਲਈ ਪੰਜਾਬ ਵਿਧਾਨ ਸਭਾ ਹੁਣ ਵਿਜ਼ਟਰਾਂ ਦਾ ਰਿਕਾਰਡ ਡਿਜੀਟਲ ਰੂਪ ਵਿੱਚ ਰੱਖਣ ਬਾਰੇ ਵਿਚਾਰ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਹੁਣ ਤੱਕ ਜਦੋਂ ਵਿਧਾਨ ਸਭਾ ਸੈਸ਼ਨ ਹੁੰਦਾ ਸੀ ਤਾਂ ਇੱਕ ਵਿਧਾਇਕ ਨੂੰ ਇੱਕ ਦਿਨ ਵਿੱਚ ਆਪਣੇ ਦੋ ਵਿਅਕਤੀਆਂ ਦਾ ਪਾਸ ਬਣਵਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਸੀ। ਇਸ ਦੇ ਲਈ ਵਿਧਾਇਕ ਦਰਖਾਸਤ ਦਿੰਦੇ ਸਨ ਕਿ ਵਿਧਾਨ ਸਭਾ ਦੀ ਕਾਰਵਾਈ ਦੇਖਣ ਆਉਣ ਵਾਲੇ ਵਿਅਕਤੀ ਨੂੰ ਉਹ ਜਾਣਦੇ ਹਨ। ਇਸ ਤੋਂ ਬਾਅਦ ਉਸ ਦਾ ਪਾਸ ਬਣ ਜਾਂਦਾ ਸੀ ਅਤੇ ਉਕਤ ਵਿਅਕਤੀ ਕਿਸੇ ਵੀ ਸ਼ਨਾਖਤੀ ਕਾਰਡ ‘ਤੇ ਵਿਧਾਨ ਸਭਾ ਵਿੱਚ ਦਾਖਲ ਹੋ ਸਕਦਾ ਸੀ। ਵਿਧਾਨ ਸਭਾ ਹੁਣ ਇਸ ਪਾਸ ‘ਤੇ ਫੋਟੋ ਲਗਾਉਣ ‘ਤੇ ਵੀ ਵਿਚਾਰ ਕਰ ਰਹੀ ਹੈ ਤਾਂ ਜੋ ਸਿਰਫ ਉਹੀ ਵਿਅਕਤੀ ਵਿਧਾਨ ਸਭਾ ‘ਚ ਦਾਖਲ ਹੋ ਸਕੇ, ਜਿਸ ਲਈ ਇਹ ਪਾਸ ਬਣਾਇਆ ਗਿਆ ਹੈ