ਸੰਸਦ ਦੀ ਸੁਰੱਖਿਆ ‘ਚ ਹੋਈ ਕੁਤਾਹੀ ਦੇ ਮਾਮਲੇ ਦੇ ਮਾਸਟਰਮਾਈਂਡ ਲਲਿਤ ਝਾਅ ਨੇ ਵੀਰਵਾਰ ਰਾਤ ਨੂੰ ਦਿੱਲੀ ਪੁਲਿਸ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਲਲਿਤ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਘਟਨਾ ਦੇ ਬਾਅਦ ਤੋਂ ਲਲਿਤ ਫਰਾਰ ਸੀ, ਜਿਸਦੇ ਚੱਲਦੇ ਪੁਲਿਸ ਉਸ ਦੀ ਭਾਲ ਲਈ ਲਗਾਤਾਰ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰ ਰਹੀ ਸੀ।
ਪੁਲਸ ਨੇ ਦੱਸਿਆ ਕਿ ਘਟਨਾ ਦੀ ਵੀਡੀਓ ਬਣਾਉਣ ਤੋਂ ਬਾਅਦ ਲਲਿਤ ਮੌਕੇ ਤੋਂ ਫਰਾਰ ਹੋ ਗਿਆ ਸੀ। ਉਸ ਨੇ ਆਪਣੇ ਸਾਰੇ ਸਾਥੀਆਂ ਦੇ ਮੋਬਾਈਲ ਫੋਨ ਵੀ ਖੋਹ ਲਏ। ਲਲਿਤ ਬੱਸ ਰਾਹੀਂ ਰਾਜਸਥਾਨ ਦੇ ਨਾਗੌਰ ਪਹੁੰਚਿਆ। ਉੱਥੇ ਉਹ ਆਪਣੇ ਦੋ ਦੋਸਤਾਂ ਨੂੰ ਮਿਲਿਆ ਅਤੇ ਇੱਕ ਹੋਟਲ ਵਿੱਚ ਰਾਤ ਕੱਟੀ। ਜਦੋਂ ਉਸ ਨੂੰ ਪਤਾ ਲੱਗਾ ਕਿ ਪੁਲੀਸ ਉਸ ਦੀ ਭਾਲ ਕਰ ਰਹੀ ਹੈ ਤਾਂ ਉਹ ਬੱਸ ਰਾਹੀਂ ਦਿੱਲੀ ਵਾਪਸ ਆ ਗਿਆ। ਇੱਥੇ ਉਸ ਨੇ ਆਤਮ ਸਮਰਪਣ ਕਰ ਦਿੱਤਾ। ਫਿਲਹਾਲ ਉਹ ਪੁਲਸ ਦੇ ਸਪੈਸ਼ਲ ਸੈੱਲ ਦੀ ਹਿਰਾਸਤ ‘ਚ ਹੈ।
ਇਸ ਦੇ ਨਾਲ ਹੀ ਦਿੱਲੀ ਪੁਲਿਸ ਦੀ ਵਿਸ਼ੇਸ਼ ਟੀਮ ਸ਼ਨੀਵਾਰ ਜਾਂ ਐਤਵਾਰ ਨੂੰ ਸੰਸਦ ਪਹੁੰਚ, ਦ੍ਰਿਸ਼ ਨੂੰ ਦੁਬਾਰਾ Recreate ਕਰੇਗੀ। ਸੂਤਰਾਂ ਮੁਤਾਬਕ ਇਸ ਦੇ ਲਈ ਸਾਰੇ ਦੋਸ਼ੀਆਂ ਨੂੰ ਸੰਸਦ ਕੰਪਲੈਕਸ ਲਿਜਾਇਆ ਜਾਵੇਗਾ। ਇਸ ਨਾਲ ਦਿੱਲੀ ਪੁਲਿਸ ਨੂੰ ਪਤਾ ਲੱਗੇਗਾ ਕਿ ਦੋਸ਼ੀ ਸੰਸਦ ਭਵਨ ਵਿਚ ਕਿਵੇਂ ਦਾਖਲ ਹੋਏ ਅਤੇ ਉਨ੍ਹਾਂ ਨੇ ਆਪਣੀ ਯੋਜਨਾ ਨੂੰ ਕਿਵੇਂ ਅੰਜਾਮ ਦਿੱਤਾ। ਇਸਦੇ ਨਾਲ ਹੀ ਦੱਸ ਦਈਏ ਕਿ ਪੁਲਿਸ ਨੇ ਇਸ ਤੋਂ ਪਹਿਲਾਂ ਸੰਸਦ ਸੁਰੱਖਿਆ ਉਲੰਘਣਾ ਮਾਮਲੇ ਵਿੱਚ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।