ਜਲੰਧਰ ‘ਚ ਬੱਸ ਸਟੈਂਡ ਦੇ ਬਾਹਰ ਡੈਲਟਾ ਪਾਰਕਿੰਗ ‘ਚ ਬਾਈਕ ਸਵਾਰ ਬਦਮਾਸ਼ਾਂ ਨੇ ਟਰੈਵਲ ਏਜੰਟ ਇੰਦਰਜੀਤ ਦੀ ਕਾਰ ਐਮਜੀ ਹੈਕਟਰ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਮੌਕੇ ‘ਤੇ ਇੱਕ ਪਰਚੀ ਮਿਲੀ ਹੈ। ਜਿਸ ਵਿੱਚ ਗੈਂਗਸਟਰ ਕੌਸ਼ਲ ਚੌਧਰੀ ਦਾ ਨਾਮ ਲਿਖਿਆ ਹੋਇਆ ਹੈ। ਗੈਂਗਸਟਰ ਵੱਲੋਂ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਹੈ।ਗੋਲੀਆਂ ਚਲਦੇ ਹੀ ਲੋਕ ਆਪਣੀ ਜਾਨ ਬਚਾਉਣ ਲਈ ਭੱਜਣ ਲੱਗੇ। ਖ਼ੁਸ਼ਕਿਸਮਤੀ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਟਰੈਵਲ ਏਜੰਟ ਇੰਦਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਗੱਡੀ ’ਤੇ ਗੋਲੀਬਾਰੀ ਹੋਈ ਤਾਂ ਉਹ ਦਫ਼ਤਰ ਵਿੱਚ ਹੀ ਸੀ। ਗੋਲੀ ਚਲਾਉਣ ਵਾਲੇ ਨੌਜਵਾਨ ਬਾਈਕ ‘ਤੇ ਆਏ ਸਨ। ਇਨ੍ਹਾਂ ਵਿੱਚ ਇੱਕ ਪੱਗ ਵਾਲਾ ਨੌਜਵਾਨ ਵੀ ਸੀ। ਉਹਨੇ ਕਿਹਾ ਇਸ ਤੋਂ ਪਹਿਲਾਂ ਗੋਲੀਬਾਰੀ ਕਰਨ ਤੋਂ ਬਾਅਦ ਬਦਮਾਸ਼ ਬੱਸ ਸਟੈਂਡ ਨੇੜੇ ਪੁਲ ਤੋਂ ਹਾਈਵੇਅ ਵੱਲ ਭੱਜ ਗਏ। ਪੁਲਿਸ ਗੋਲੀ ਚਲਾਉਣ ਵਾਲਿਆਂ ਦੀ ਭਾਲ ਲਈ ਬੱਸ ਸਟੈਂਡ ਦੇ ਆਸ-ਪਾਸ ਦੇ ਇਲਾਕਿਆਂ ਦੀ ਤਲਾਸ਼ੀ ਲੈ ਰਹੀ ਹੈ। ਕਈ ਹੋਟਲਾਂ ਅਤੇ ਢਾਬਿਆਂ ਦੇ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ।
ਪੁਲਿਸ ਨੇ ਹੁਣ ਤੱਕ 2 ਖੋਲ ਬਰਾਮਦ ਕੀਤੇ ਹਨ। ਪੁਲਿਸ ਇਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਸ਼ਹਿਰ ਦੇ ਐਂਟਰੀ ਅਤੇ ਐਗਜ਼ਿਟ ਪੁਆਇੰਟਾਂ ਨੂੰ ਸੀਲ ਕਰ ਦਿੱਤਾ ਗਿਆ ਹੈ।