ਗੁਜਰੀ ਮਹਲਾ ੫ ॥ ਕਬਹੂ ਹਰਿ ਸਿਉ ਚੀਤੁ ਨ ਲਾਇਓ ॥ ਧੰਧਾ ਕਰਤ ਬਿਹਾਨੀ ਅਉਧਹਿ ਗੁਣ ਨਿਧਿ ਨਾਮੁ ਨ ਗਾਇਓ ॥੧॥ ਰਹਾਉ ॥ ਕਉਡੀ ਕਉਡੀ ਜੋਰਤ ਕਪਟੇ ਅਨਿਕ ਜੁਗਤਿ ਕਰਿ ਧਾਇਓ ॥ ਬਿਸਰਤ ਪ੍ਰਭ ਕੇਤੇ ਦੁਖ ਗਨੀਅਹਿ ਮਹਾ ਮੋਹਨੀ ਖਾਇਓ ॥੧॥
ਕਬ ਹੂ = ਕਦੇ ਭੀ। ਸਿਉ = ਨਾਲ। ਨ ਲਾਇਓ = ਨਹੀਂ ਜੋੜਿਆ। ਬਿਹਾਨੀ = ਬੀਤ ਗਈ। ਅਉਧਹਿ = ਉਮਰ। ਗੁਣਿ ਨਿਧਿ ਨਾਮੁ = ਸਾਰੇ ਗੁਣਾਂ ਦੇ ਖ਼ਜ਼ਾਨੇ ਹਰੀ ਦਾ ਨਾਮ ॥੧॥ ਜੋਰਤ = ਜੋੜਦਿਆਂ, ਇਕੱਠੀ ਕਰਦਿਆਂ। ਕਪਟੇ = ਧੋਖੇ ਨਾਲ। ਜੁਗਤਿ = ਢੰਗ। ਧਾਇਓ = ਭਟਕਦਾ ਫਿਰਿਆ। ਕੇਤੇ = ਕਿਤਨੇ ਕੁ? ਗਨੀਅਹਿ = ਗਿਣੇ ਜਾ ਸਕਦੇ ਹਨ। ਮਹਾ ਮੋਹਨੀ = ਮਨ ਨੂੰ ਠੱਗਣ ਵਾਲੀ ਸਭ ਤੋਂ ਵੱਡੀ (ਮਾਇਆ)। ਖਾਇਓ = ਆਤਮਕ ਜੀਵਨ ਨੂੰ ਖਾ ਗਈ ॥੧॥
(ਮਾਇਆ-ਮੋਹਿਆ ਜੀਵ) ਕਦੇ ਆਪਣਾ ਮਨ ਪਰਮਾਤਮਾ (ਦੇ ਚਰਨਾਂ) ਨਾਲ ਨਹੀਂ ਜੋੜਦਾ। (ਮਾਇਆ ਦੀ ਖ਼ਾਤਰ) ਦੌੜ-ਭੱਜ ਕਰਦਿਆਂ (ਇਸ ਦੀ) ਉਮਰ ਗੁਜ਼ਰ ਜਾਂਦੀ ਹੈ ਸਾਰੇ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਨਾਮ ਨਹੀਂ ਜਪਦਾ ॥੧॥ ਰਹਾਉ॥ ਠੱਗੀ ਨਾਲ ਇਕ ਇਕ ਕੌਡੀ ਕਰ ਕੇ ਮਾਇਆ ਇਕੱਠੀ ਕਰਦਾ ਰਹਿੰਦਾ ਹੈ ਅਨੇਕਾਂ ਢੰਗ ਵਰਤ ਕੇ ਮਾਇਆ ਦੀ ਖ਼ਾਤਰ ਦੌੜਿਆ ਫਿਰਦਾ ਹੈ। ਪਰਮਾਤਮਾ ਦਾ ਨਾਮ ਭੁਲਾਣ ਦੇ ਕਾਰਨ ਇਸ ਨੂੰ ਅਨੇਕਾਂ ਹੀ ਦੁੱਖ ਆ ਵਾਪਰਦੇ ਹਨ। ਮਨ ਨੂੰ ਮੋਹ ਲੈਣ ਵਾਲੀ ਪ੍ਰਬਲ ਮਾਇਆ ਇਸ ਦੇ ਆਤਮਕ ਜੀਵਨ ਨੂੰ ਖਾ ਜਾਂਦੀ ਹੈ ॥੧॥
( Waheguru Ji Ka Khalsa, Waheguru Ji Ki Fathe )
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!