ਚੰਡੀਗੜ੍ਹ ਦੇ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ-19 ਵਿੱਚ 9ਵੀ ਜਮਾਤ ਦੇ ਵਿਦਿਆਰਥੀ ਵੱਲੋਂ ਹੈੱਡਮਾਸਟਰ ਕੇਸਰ ਸਿੰਘ ਦੇ ਸਿਰ ’ਤੇ ਲੋਹੇ ਦੀ ਰਾਡ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਤੋਂ ਬਾਅਦ ਹੈੱਡਮਾਸਟਰ ਨੂੰ ਤੁਰੰਤ ਸੈਕਟਰ-16 ਸਥਿਤ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ ਲਿਜਾਇਆ ਗਿਆ ਅਤੇ ਸੈਕਟਰ-19 ਥਾਣਾ ਪੁਲਸ ਨੂੰ ਇਸ ਪੂਰੀ ਘਟਨਾ ਬਾਰੇ ਸੂਚਿਤ ਕੀਤਾ ਗਿਆ। ਫਿਲਹਾਲ ਪੁਲਸ ਨੇ ਹਮਲਾ ਕਰਨ ਵਾਲੇ ਵਿਦਿਆਰਥੀ ਨੂੰ ਫੜ੍ਹ ਲਿਆ, ਜਿਸ ਤੋਂ ਸੈਕਟਰ-19 ਥਾਣੇ ਵਿਚ ਪੁੱਛਗਿੱਛ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਵੱਡੀ ਗਿਣਤੀ ‘ਚ ਅਧਿਆਪਕ ਸੈਕਟਰ-16 ਦੇ ਹਸਪਤਾਲ ‘ਚ ਪੁੱਜੇ ਅਤੇ ਸਕੂਲਾਂ ‘ਚ ਸੁਰੱਖਿਆ ਸਬੰਧੀ ਚਿੰਤਾ ਪ੍ਰਗਟਾਈ। ਇੱਥੋਂ ਤਕ ਹੀ ਪੁਲਿਸ ਵਲੋਂ ਫੜ੍ਹੇ ਜਾਣ ਦੇ ਬਾਵਜੂਦ ਦੋਸ਼ੀ ਬੱਚਾ ਹੈੱਡਮਾਸਟਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਰਿਹਾ।
ਆਓ ਜਾਣਦੇ ਹਾਂ ਆਖਰਕਾਰ ਇਹ ਪੂਰਾ ਮਾਮਲਾ ਕੀ ਹੈ-
ਦਰਅਸਲ ਸਕੂਲ ‘ਚ ਕਈ ਦਿਨਾਂ ਤੋਂ ਕੁੜੀਆਂ ਦੀ ਕ੍ਰਿਕਟ ਟੀਮ ਦੇ ਟ੍ਰਾਇਲ ਚੱਲ ਰਹੇ ਸਨ ਅਤੇ ਨਾਲ ਲੱਗਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ‘ਚ ਨੌਵੀਂ ਜਮਾਤ ‘ਚ ਪੜ੍ਹਦਾ ਇਹ ਵਿਦਿਆਰਥੀ ਵਾਰ-ਵਾਰ ਗਰਾਊਂਡ ‘ਚ ਆਉਂਦਾ ਸੀ, ਜਿਸ ਕਾਰਨ ਉਸ ਨੂੰ ਸਕੂਲ ਵਾਪਸ ਜਾਣ ਲਈ ਕਿਹਾ ਗਿਆ ਪਰ ਉਹ ਨਹੀਂ ਮਨੀਆ ਬੁੱਧਵਾਰ ਵੀ ਜਦੋਂ ਵਿਦਿਆਰਥੀ ਮੈਦਾਨ ‘ਚ ਆਇਆ ਤਾਂ ਹੈੱਡਮਾਸਟਰ ਨੇ ਉਸ ਨੂੰ ਅਨੁਸ਼ਾਸਨ ‘ਚ ਰਹਿਣ ਦੀ ਗੱਲ ਕਹਿ ਕੇ ਵਾਪਸ ਜਾਣ ਲਈ ਕਿਹਾ। ਇਸ ਗੱਲ ਤੋਂ ਵਿਦਿਆਰਥੀ ਗੁੱਸੇ ‘ਚ ਆ ਗਿਆ ਅਤੇ ਹੈੱਡ ਮਾਸਟਰ ’ਤੇ ਨਜ਼ਰ ਰੱਖਣ ਲੱਗਾ
ਬੁੱਧਵਾਰ ਦੁਪਹਿਰ ਸਾਢੇ 12 ਵਜੇ ਹੈੱਡਮਾਸਟਰ ਕੇਸਰ ਸਿੰਘ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਕੰਟੀਨ ‘ਚ ਚਾਹ ਪੀਣ ਗਏ ਸਨ। ਬੱਚੇ ਨੇ ਉਨ੍ਹਾਂ ਨੂੰ ਦੇਖਿਆ ਅਤੇ ਵਾਪਸ ਆਉਂਦੇ ਸਮੇਂ ਹੈੱਡਮਾਸਟਰ ’ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਹੈੱਡਮਾਸਟਰ ਦੇ ਸਿਰ ’ਤੇ ਗੰਭੀਰ ਸੱਟ ਲੱਗ ਗਈ ਅਤੇ ਉਹ ਹੇਠਾਂ ਡਿੱਗ ਗਏ। ਇਸ ਦੇ ਬਾਵਜੂਦ ਮੁਲਜ਼ਮ ਬੱਚਾ ਨਹੀਂ ਰੁਕਿਆ ਅਤੇ ਉਨ੍ਹਾਂ ਦੇ ਬੁਰੀ ਤਰ੍ਹਾਂ ਲਹੂ-ਲੁਹਾਨ ਹੋਣ ਦੇ ਬਾਵਜੂਦ ਵੀ ਵਾਰ ਕਰਦਾ ਰਿਹਾ।
Joint Action Committee of Teacher U. T. ਦੇ ਪ੍ਰਧਾਨ ਸ਼ਵਿੰਦਰ ਸਿੰਘ ਨੇ ਦੱਸਿਆ ਕਿ ਯੂਨੀਅਨ ਦੀ ਹੰਗਾਮੀ ਮੀਟਿੰਗ ‘ਚ ਫ਼ੈਸਲਾ ਕੀਤਾ ਗਿਆ ਕਿ ਸ਼ਹਿਰ ਦੇ ਸਰਕਾਰੀ ਸਕੂਲਾਂ ‘ਚ ਦੁਪਹਿਰ 12 ਤੋਂ 2 ਵਜੇ ਤਕ ਪੜ੍ਹਾਉਣ ਦਾ ਕੰਮ ਬੰਦ ਰੱਖਿਆ ਜਾਵੇਗਾ। ਯੂਨੀਅਨ ਮੈਂਬਰ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਸਕੂਲਾਂ ‘ਚ ਅਧਿਆਪਕਾਂ ਦੀ ਸੁਰੱਖਿਆ ਯਕੀਨੀ ਬਣਾਉਣਗੇ। ਉਨ੍ਹਾਂ ਕਿਹਾ ਕਿ ਕੋਈ ਵੀ ਬੱਚਾ ਸਕੂਲਾਂ ‘ਚ ਅਧਿਆਪਕਾਂ ਨਾਲ ਕੁੱਟਮਾਰ ਵਰਗੀ ਘਟਨਾ ਨੂੰ ਅੰਜਾਮ ਦੇ ਸਕਦਾ ਹੈ। ਇਸ ਲਈ ਸਿੱਖਿਆ ਵਿਭਾਗ ਨੂੰ ਅਧਿਆਪਕਾਂ ਦੀ ਸੁਰੱਖਿਆ ਸਬੰਧੀ ਯੋਗ ਕਦਮ ਚੁੱਕਣ ਦੀ ਲੋੜ ਹੈ। ਇਸ ਮਾਮਲੇ ‘ਚ ਵੀ ਵਿਭਾਗ ਨੂੰ ਮੁਲਜ਼ਮ ਬੱਚੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ, ਤਾਂ ਜੋ ਦੂਜੇ ਸਕੂਲਾਂ ਦੇ ਬੱਚੇ ਅਧਿਆਪਕ ਨਾਲ ਦੁਰਵਿਵਹਾਰ ਨਾ ਕਰਨ।
ਇਸਦੇ ਨਾਲ ਹੀ ਦੱਸ ਦਈਏ ਕਿ ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰਪਾਲ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ‘ਚ ਆਤਮ ਵਿਸ਼ਵਾਸ ਪੈਦਾ ਕਰਨ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਉਣ ਲਈ ਕਿ ਅਸੀਂ ਉਨ੍ਹਾਂ ਦੇ ਨਾਲ ਖੜ੍ਹੇ ਹਾਂ, ਇਸ ਲਈ ਸਕੂਲ ਦਾ ਦੌਰਾ ਕੀਤਾ ਹੈ ਤੇ ਸਬੰਧਿਤ ਧਿਰਾਂ ਨਾਲ ਗੱਲ ਕਰ ਕੇ ਰਿਪੋਰਟ ਲਈ ਗਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ, ਜਿਸ ਤੋਂ ਬਾਅਦ ਵਿਭਾਗ ਵਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਉਦੋਂ ਤੱਕ ਸਬੰਧਿਤ ਬੱਚਾ ਸਕੂਲ ਨਹੀਂ ਆਵੇਗਾ। ਸੁਰੱਖਿਅਤ ਵਾਤਾਵਰਣ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ।