ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਜਿਹਨਾਂ ਨੇ ਲੋਕਾਂ ਨੂੰ ਕੀਰਤ ਕਰਨਾ, ਹੱਕ ਦੀ ਕਮਾਈ ਕਰਨਾ, ਮਿਲ ਕੇ ਰਹਿਣ ਅਤੇ ਵੰਡ ਕੇ ਖਾਣ ਦੀ ਸਿੱਖਿਆ ਦਿੱਤੀ। ਅੱਜ ਪੂਰੇ ਦੇਸ਼ਭਰ ‘ਚ ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 554 ਵਾਂ ਪ੍ਰਕਾਸ਼ ਪੂਰਬ ਮਨਾਇਆ ਗਿਆ । ਇਸ ਮੌਕੇ ਅੱਜ ਪੰਜਾਬ ਦੇ ਵੱਖ -ਵੱਖ ਗੁਰੂਦੁਆਰਿਆਂ ‘ਚ ਸ਼ਬਦ ਕੀਰਤਨ ਕਰਵਾਏ ਗਏ ,ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਸੰਗਤਾਂ ਨੇ ਗੁਰੂਘਰ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ।
ਸ਼੍ਰੀ ਹਰਿਮੰਦਿਰ ਸਾਹਿਬ : ਪਹਿਲੇ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 554ਵੇਂ ਪ੍ਰਕਾਸ਼ ਪੁਰਬ ਦੇ ਦਿਹਾੜੇ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤ ਨਤਮਸਤਕ ਹੋਣ ਪਹੁੰਚੀਆਂ । ਦੂਰੋਂ-ਦੂਰੋਂ ਸੰਗਤਾਂ ਇਸ ਪਵਿੱਤਰ ਦਿਹਾੜੇ ਮੌਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੀਆਂ। ਸੰਗਤਾਂ ਨੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਆਪਣੇ ਜੀਵਨ ਨੂੰ ਸੁਖਾਲਾ ਕੀਤਾ।ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਦੇ ਨਾਲ ਹੀ ਕਈ ਸਕੂਲਾਂ ਵਿੱਚ ਨਗਰ ਕੀਰਤਨ ਪਾਠ ਤੇ ਲੰਗਰ ਵੀ ਲਗਾਏ ਗਏ । ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ। ਇਸ ਨਗਰ ਕੀਰਤਨ ਵਿੱਚ ਧਾਰਮਿਕ ਸੰਸਥਾਵਾਂ ਤੇ ਸੰਗਤਾਂ ਨੇ ਭਰਵਾਂ ਸਹਿਯੋਗ ਦਿੱਤਾ।
ਅਨੰਦਪੁਰ ਸਾਹਿਬ:ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਬ ਮਨਾਇਆ ਗਿਆ । ਇਸ ਖਾਸ ਅਵਸਰ ‘ਤੇ ਸਤਿਗੁਰੂ ਨਾਨਕ ਪਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ ” ਦੇ ਜਾਪ ਨਾਲ ਖਾਲਸਾ ਦੇ ਪ੍ਰਗਟ ਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਰੰਗ – ਬਿਰੰਗੇ ਫੁੱਲਾਂ ਤੇ ਰੋਸ਼ਨੀ ਦੇ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਸਜਾਇਆ ਗਿਆ। ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਇਹ ਸੁੰਦਰ ਸਜਾਵਟ ਖਿੱਚ ਦਾ ਕੇਂਦਰ ਬਣੀ ਹੋਈ ਹੈ ।
ਗੁਰਦੁਆਰਾ ਸ੍ਰੀ ਬੇਰ ਸਾਹਿਬ : ਸੁਲਤਾਨਪੁਰ ਲੋਧੀ ਵਿੱਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਪ੍ਰਕਾਸ਼ ਪੁਰਬ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਨਮਤਮਸਤਕ ਹੋ ਰਹੀ ਹੈ। ਇਸ ਮੌਕੇ ਗੁਰਦੁਆਰਾ ਸਾਹਿਬ ਨੂੰ ਫੁੱਲਾਂ ਅਤੇ ਰੰਗ ਬਿਰੰਗੀ ਰੋਸ਼ਨੀਆਂ ਦੇ ਨਾਲ ਸਜਾਇਆ ਗਿਆ । ਇਸ ਮੌਕੇ ਲੱਖਾਂ ਦੀ ਤਾਦਾਦ ‘ਚ ਸੰਗਤ ਗੁਰੂਘਰ ਨਤਮਸਤਕ ਹੋ ਰਹੀ ਅਤੇ ਕੀਰਤਨ ਦਾ ਅਨੰਦ ਲਿਆ । ਸੰਗਤ ਦੇ ਲਈ ਰਹਿਣ ਅਤੇ ਖਾਣ-ਪੀਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਦੱਸ ਦਈਏ ਕਿ ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਦੇਵ ਜੀ ਨੇ ਕਰੀਬ 14 ਸਾਲ ਬਤੀਤ ਕੀਤੇ ਹਨ।