ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿੱਚ ਨੌਜਵਾਨ ਵਿਦੇਸ਼ਾਂ ਵਿੱਚ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਜਾਂਦੇ ਹਨ ਤੇ ਆਏ ਦਿਨ ਵਿਦੇਸ਼ਾਂ ਵਿੱਚੋਂ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਹੁਣ ਕੈਨੇਡਾ ਤੋਂ ਸਾਹਮਣੇ ਆਇਆ ਹੈ। ਪਿਛਲੇ ਕੁੱਝ ਸਾਲਾਂ ‘ਚ ਕੈਨੇਡਾ ਵਿਚ ਹਾਰਟ ਅਟੈਕ ਨਾਲ ਨੌਜਵਾਨਾਂ ਦੀਆਂ ਕਾਫੀ ਮੌਤਾਂ ਹੋ ਰਹੀਆਂ ਹਨ, ਜਿਸ ਦੇ ਠੋਸ ਕਾਰਨ ਦਾ ਵੀ ਪਤਾ ਨਹੀਂ ਲੱਗ ਰਿਹਾ। ਅਜਿਹਾ ਹੀ ਇਕ ਹਾਦਸਾ ਬਠਿੰਡਾ ਦੇ ਪਿੰਡ ਚੱਕ ਫਤਿਹ ਸਿੰਘ ਵਾਲਾ ਦੀ ਰਹਿਣ ਵਾਲੀ ਔਰਤ ਨਾਲ ਵਾਪਰਿਆ ਜਿਸ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ।
ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਦਿਓਰ ਗੁਰਮੀਤ ਸਿੰਘ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਮਾਸਟਰ ਪ੍ਰਿਤਪਾਲ ਸਿੰਘ ਅਤੇ ਭਰਜਾਈ ਬਸਰਾਜ ਕੌਰ ਪਿਛਲੇ ਦੋ ਸਾਲ ਤੋਂ ਕੈਨੇਡਾ ਦੇ ਐਡਮਿਟਨ ਵਿਚ ਆਪਣੇ ਪਰਿਵਾਰ ਨਾਲ ਰਹਿ ਰਹੇ ਸਨ। ਬੀਤੇ ਰਾਤ ਜਦੋਂ ਉਹ ਕਮਰੇ ਵਿਚ ਸੌਣ ਜਾ ਰਹੇ ਸਨ ਤਾਂ ਅਚਾਨਕ ਉਨ੍ਹਾਂ ਦੀ ਤਬੀਅਤ ਖਰਾਬ ਹੋ ਗਈ ਜਿਸ ਦੇ ਤੁਰੰਤ ਬਾਅਦ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਜਿਥੇ ਡਾਕਟਰਾਂ ਵਲੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਹਾਰਟ ਅਟੈਕ ਆਇਆ ਅਤੇ ਫੇਰ ਬਰੇਨ ਦਾ ਅਟੈਕ ਹੋਇਆ, ਇਸ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਦੂਜੇ ਪਾਸੇ ਮ੍ਰਿਤਕ ਦੇ ਦਿਓਰ ਦਾ ਕਹਿਣਾ ਹੈ ਕਿ ਉਂਝ ਉਨ੍ਹਾਂ ਦੀ ਭਰਜਾਈ ਸਿਹਤ ਪੱਖੋਂ ਕਾਫੀ ਤੰਦਰੁਸਤ ਸਨ ਤੇ ਨਾ ਨਾ ਹੀ ਉਨ੍ਹਾਂ ਨੂੰ ਕਿਸੇ ਤਰ੍ਹਾਂ ਕੋਈ ਟੈਨਸ਼ਨ ਸੀ। ਭਰਜਾਈ ਦੀ ਇਸ ਬੇਵਕਤੀ ਮੌਤ ਨਾਲ ਘਰ ਦਾ ਮਾਹੌਲ ਗਮਗੀਨ ਹੋ ਗਿਆ ਹੈ।