ਭਾਰਤ ਦੀ ਸਭ ਤੋਂ ਵੱਡੀ ਡਿਜੀਟਲ ਐਜੂਕੇਸ਼ਨ ਕੰਪਨੀ ‘BYJUS’ ਦਾ ਇੱਕ ਵੱਡਾ ਕਾਰਨਾਮਾ ਸਾਹਮਣੇ ਆਇਆ ਹੈ। ED ਨੇ ਮਨੀ ਲਾਉਂਡਰਿੰਗ ਮਾਮਲੇ ‘ਚ BYJUS ਦੇ ਖਿਲਾਫ 9,000 ਕਰੋੜ ਰੁਪਏ ਦੀ ਹੇਰਾ ਫੇਰੀ ਦਾ ਆਰੋਪ ਲਗਾਇਆ ਹੈ। ਦੱਸ ਦਈਏ ਕਿ ED ਨੇ ਜਾਂਚ ਦੌਰਾਨ ਕੰਪਨੀ ਨਾਲ ਜੁੜੇ ਕਈ ਦਸਤਾਵੇਜ਼ ਅਤੇ ਡਿਜੀਟਲ ਡਾਟਾ ਜ਼ਬਤ ਕੀਤਾ ਹੈ ਅਤੇ ਨਾਲ ਹੀ ED ਨੇ BYJUS ਨੂੰ ਵਿਦੇਸ਼ੀ ਮੁਦਰਾ ਐਕਟ (ਫੇਮਾ) ਨਾਲ ਸਬੰਧਤ ਕਈ ਵਿਵਸਥਾਵਾਂ ਦੀ ਉਲੰਘਣਾ ਕਰਦੇ ਪਾਇਆ ਹੈ।
ਈਡੀ ਦੀ ਜਾਂਚ ‘ਚ ਪਤਾ ਲੱਗਾ ਹੈ ਕਿ BYJU’S ਨੇ ਵਿਦੇਸ਼ ‘ਚ ਸਥਿਤ ਆਪਣੀਆਂ ਸਹਾਇਕ ਕੰਪਨੀਆਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਪੈਸੇ ਭੇਜੇ ਹਨ। BYJU’S ਨੇ ਇਹਨਾਂ ਫੰਡਾਂ ਦੀ ਵਰਤੋਂ ਆਪਣੀ ਵਿੱਤੀ ਕਾਰਗੁਜ਼ਾਰੀ ਨੂੰ ਵਧਾਉਣ ਲਈ ਕੀਤੀ ਹੈ। ED ਨੇ ਦੋਸ਼ ਲਗਾਇਆ ਹੈ ਕਿ BYJU’S ਨੇ ਆਪਣੇ ਭਾਰਤੀ ਕਰਮਚਾਰੀਆਂ ਨੂੰ ਤਨਖਾਹਾਂ ਅਤੇ ਭੱਤੇ ਦੇਣ ਲਈ ਆਪਣੀਆਂ ਵਿਦੇਸ਼ੀ ਸਹਾਇਕ ਕੰਪਨੀਆਂ ਨੂੰ ਪੈਸੇ ਭੇਜੇ ਹਨ।
ਛਾਪੇਮਾਰੀ ਦੌਰਾਨ ਈਡੀ ਨੂੰ ਇਹ ਵੀ ਪਤਾ ਲੱਗਾ ਕਿ 2011 ਤੋਂ 2023 ਦਰਮਿਆਨ ਕੰਪਨੀ ਨੂੰ ਲਗਭਗ 28,000 ਕਰੋੜ ਰੁਪਏ ਦਾ ਸਿੱਧਾ ਵਿਦੇਸ਼ੀ ਨਿਵੇਸ਼ (FDI) ਮਿਲਿਆ ਹੈ। ਇਸ ਦੌਰਾਨ ਕੰਪਨੀ ਨੇ ਵਿਦੇਸ਼ਾਂ ‘ਚ ਸਿੱਧੇ ਨਿਵੇਸ਼ ਲਈ ਕਰੀਬ 9,754 ਕਰੋੜ ਰੁਪਏ ਭੇਜੇ। ਵਿਦੇਸ਼ ਭੇਜੇ ਗਏ ਪੈਸਿਆਂ ‘ਚੋਂ ਕੰਪਨੀ ਨੇ ਇਸ਼ਤਿਹਾਰਬਾਜ਼ੀ ਅਤੇ ਮਾਰਕੀਟਿੰਗ ਦੇ ਨਾਂ ‘ਤੇ ਕਰੀਬ 944 ਕਰੋੜ ਰੁਪਏ ਖਰਚ ਕੀਤੇ। ਜਾਂਚ ਦੌਰਾਨ ਈਡੀ ਨੇ ਕੰਪਨੀ ਦੇ ਸੰਸਥਾਪਕ ਅਤੇ ਸੀਈਓ ਰਵਿੰਦਰਨ ਬਾਈਜੂ ਨੂੰ ਕਈ ਸੰਮਨ ਜਾਰੀ ਕੀਤੇ ਹਨ। ਹਾਲਾਂਕਿ, ਉਹ ਹਮੇਸ਼ਾ ਬਚਦੇ ਰਹੇ ਅਤੇ ਕਦੇ ਵੀ ਜਾਂਚ ਦੌਰਾਨ ਪੇਸ਼ ਨਹੀਂ ਹੋਏ।