27 ਅਕਤੂਬਰ ਨੂੰ ਰਿਲੀਜ਼ ਹੋਈ ਫਿਲਮ ’12ਵੀਂ ਫੇਲ’ ਬਾਕਸ ਆਫਿਸ ‘ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਅਸਲ ਜ਼ਿੰਦਗੀ ਤੋਂ ਪ੍ਰੇਰਿਤ ਇਸ ਡਰਾਮਾ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹੁਣ ਤੱਕ ਇਹ ਫਿਲਮ ਹਿੰਦੀ ਅਤੇ ਕੰਨੜ ਭਾਸ਼ਾਵਾਂ ਵਿੱਚ ਰਿਲੀਜ਼ ਹੋਈ ਸੀ। ਫਿਲਮ ਦੀ ਦਿਲਚਸਪ ਕਹਾਣੀ ਅਤੇ ਜ਼ਬਰਦਸਤ ਐਕਟਿੰਗ ਦੇ ਕਾਰਨ ’12ਵੀਂ ਫੇਲ’ ਨੂੰ ਆਲੋਚਕਾਂ ਅਤੇ ਦਰਸ਼ਕਾਂ ਤੋਂ ਪ੍ਰਸ਼ੰਸਾ ਮਿਲ ਰਹੀ ਹੈ।
ਅਜਿਹੇ ‘ਚ ਫਿਲਮ ਦੀ ਸਫਲਤਾ ਨੂੰ ਦੇਖਦੇ ਹੋਏ ਹੁਣ ਮੇਕਰਸ ਨੇ ਫੈਸਲਾ ਲਿਆ ਹੈ ਕਿ ਇਸ ਫਿਲਮ ਨੂੰ ਤਾਮਿਲ ਅਤੇ ਤੇਲਗੂ ਭਾਸ਼ਾਵਾਂ ‘ਚ ਵੀ ਰਿਲੀਜ਼ ਕੀਤਾ ਜਾਵੇਗਾ। ਇਹ ਫਿਲਮ ਤਾਮਿਲ ਅਤੇ ਤੇਲਗੂ ਭਾਸ਼ਾਵਾਂ ‘ਚ ਸ਼ੁੱਕਰਵਾਰ ਯਾਨੀ 3 ਨਵੰਬਰ ਨੂੰ ਰਿਲੀਜ਼ ਹੋਵੇਗੀ। ਦੱਸ ਦਈਏ ਕਿ ਫਿਲਮ ‘ਚ ਜ਼ੀਰੋ ਤੋਂ ਹੀਰੋ ਬਣਨ ਦੀ ਕਹਾਣੀ ਨੂੰ ਬਹੁਤ ਵਧੀਆ ਤਰੀਕੇ ਨਾਲ ਦਿਖਾਇਆ ਗਿਆ ਹੈ। ਇਹ ਫਿਲਮ IPS ਅਧਿਕਾਰੀ ਮਨੋਜ ਸ਼ਰਮਾ ਦੇ ਜੀਵਨ ‘ਤੇ ਲਿਖੀ ਗਈ ਬੈਸਟ ਸੇਲਰ ਕਿਤਾਬ ’12ਵੀਂ ਫੇਲ’ ‘ਤੇ ਆਧਾਰਿਤ ਹੈ। ਵਿਧੂ ਵਿਨੋਦ ਚੋਪੜਾ ਨੇ ਬਹੁਤ ਹੀ ਵਧੀਆ ਢੰਗ ਨਾਲ ਦਿਖਾਇਆ ਹੈ ਕਿ UPSC ਦਾਖਲਾ ਪ੍ਰੀਖਿਆ ਦੇਣ ਵਾਲੇ ਲੱਖਾਂ ਵਿਦਿਆਰਥੀਆਂ ਦੇ ਜੀਵਨ ਵਿੱਚ ਕਿਸ ਤਰ੍ਹਾਂ ਦੇ ਸੰਘਰਸ਼ ਆਉਂਦੇ ਹਨ ਅਤੇ ਉਨ੍ਹਾਂ ਨੂੰ ਕਿਸ ਤਰ੍ਹਾਂ ਦੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।