ਸਿੱਖਾਂ ਦੇ ਚੌਥੇ ਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਅੰਮ੍ਰਿਤਸਰ ਵਿਖੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਆਈ ਸੀ। ਇਸ ਦੌਰਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਰੰਗ ਬਿਰੰਗੇ ਫੁੱਲਾਂ ਨਾਲ ਸਜਾਇਆ ਗਿਆ। ਅਤੇ ਨਗਰ ਕੀਰਤਨ ਸਮੇਂ ਹੈਲੀਕਾਪਟਰ ਰਾਹੀਂ ਸ੍ਰੀ ਦਰਬਾਰ ਸਾਹਿਬ ’ਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ ਸੀ। ਕੁੱਲ ਮਿਲਾ ਕੇ ਉਸ ਦਿਨ ਦਾ ਦ੍ਰਿਸ਼ ਅਲੌਕਿਕ ਸੀ।
ਜਿਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਇੱਕ ਵਿਡੀਓ ਖੂਬ ਵਾਇਰਲ ਹੋ ਰਹੀ ਹੈ। ਇਹ ਵਿਡੀਓ ਮਰਿਆਦਾ ਦੀ ਉਲੰਘਣਾ ਕਰਨ ਨੂੰ ਲੈ ਕੇ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਜਿਸ ਨੂੰ ਲੈ ਕੇ ਨਵਾਂ ਵਿਵਾਦ ਛਿੜ ਗਿਆ ਹੈ। ਦੱਸ ਦਈਏ ਕਿ ਫੁੱਲਾਂ ਦੀ ਸੇਵਾ ਕਰਨ ਵਾਲੇ ਹਿਮਾਚਲ ਦੇ ਪਰਿਵਾਰਕ ਮੈਂਬਰ ਫੁੱਲਾਂ ਦੀ ਵਰਖਾ ਕਰਦੇ ਸਮੇਂ ਨੰਗੇ ਸਿਰ ਬੈਠੇ ਦਿਖਾਈ ਦੇ ਰਹੇ ਹਨ। ਹੈਲੀਕਾਪਟਰ ਵਿਚ ਬੈਠੇ ਪਾਇਲਟ, ਸਹਾਇਕ ਤੇ ਹੋਰ ਮਹਿਲਾਵਾਂ ਵੱਲੋਂ ਨੰਗੇ ਸਿਰ ਹੀ ਫੁੱਲਾਂ ਦੀ ਵਰਖ਼ਾ ਕੀਤੀ ਜਾ ਰਹੀ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਹੈਲੀਕਾਪਟਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਉਪਰੋ ਕਈ ਵਾਰ ਲੰਘਿਆ ਹੋਵੇ ਅਤੇ ਇਸ ਵਿਚ ਸਵਾਰ ਨੰਗੇ ਸਿਰ ਬੈਠ ਕੇ ਗੁਰੂ ਸਾਹਿਬ, ਸੱਚਖੰਡ ਅਤੇ ਸੰਗਤਾਂ ਉਪਰ ਇਸ ਤਰਾਂ ਨਾਲ ਸੇਵਾ ਕੀਤੀ ਹੋਵੇ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਸੰਗਤਾਂ ਨੇ ਇਸ ‘ਤੇ ਇਤਰਾਜ਼ ਜਤਾਇਆ ਹੈ। ਸੰਗਤ ਵੱਲੋਂ ਉਠਾਏ ਇਤਰਾਜ਼ ਵਿੱਚ ਕਿਹਾ ਜਾ ਰਿਹਾ ਹੈ ਕਿ ਪਹਿਲਾ ਮੂਰਖ ਉਹ ਹੈ ਜਿਸ ਨੇ ਹੈਲੀਕਾਪਟਰ ਤੋਂ ਫੁੱਲਾਂ ਦੀ ਵਰਖਾ ਕਰਨ ਦੀ ਇਜਾਜ਼ਤ ਦਿੱਤੀ ਹੋਵੇ। ਜੇਕਰ ਇਜਾਜ਼ਤ ਦਿੱਤੀ ਗਈ ਸੀ ਤਾਂ ਸੀਮਾਵਾਂ ਦੀ ਵਿਆਖਿਆ ਕਰਨੀ ਚਾਹੀਦੀ ਸੀ।