ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਣ ਵਾਲੀਆਂ ਸੰਗਤਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ‘ਤੇ ਪਰਫਿਊਮ ਸਪ੍ਰੇਅ ਕਰਨ ਸਬੰਧੀ ਅਹਿਮ ਫ਼ੈਸਲਾ ਲਿਆ ਗਿਆ ਹੈ। ਇਸ ਮੌਕੇ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਸੰਗਤਾਂ ਅਤੇ ਮੈਂਬਰ ਸਾਹਿਬਾਨ ਵੱਲੋਂ ਸੁਝਾਅ ਦਿੱਤਾ ਗਿਆ ਕਿ ਜਿਹੜਾ ਪਾਲਕੀ ਸਾਹਿਬ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ‘ਤੇ ਪਰਫਿਊਮ ਵਰਤਿਆ ਜਾਂਦਾ ਸੀ, ਇਸ ‘ਚ ਕਈ ਤਰ੍ਹਾਂ ਦੇ ਕੈਮੀਕਲ ਦੀ ਵਰਤੋਂ ਵੀ ਹੁੰਦੀ ਹੈ। ਜਿਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ‘ਤੇ ਸਪ੍ਰੇਅ ਕਰਨ ‘ਤੇ ਰੋਕ ਲਗਾ ਦਿੱਤੀ ਗਈ ਹੈ।
ਇਸ ਤੋਂ ਬਾਅਦ ਉਨ੍ਹਾਂ ਕਿਹਾ ਜਦੋਂ ਗੁਰੂ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਤੇ ਗ੍ਰੰਥੀ ਸਿੰਘਾਂ ਵੱਲੋਂ ਪ੍ਰਕਾਸ਼ ਕਰਦੇ ਸਮੇਂ ਉਨ੍ਹਾਂ ਨੂੰ ਬਹੁਤ ਮੁਸ਼ਕਿਲ ਆਉਂਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਵਟ ਵੀ ਖ਼ਰਾਬ ਹੁੰਦੀ ਹੈ। ਜਿਸ ਨਾਲ ਉਨ੍ਹਾਂ ਦੀ ਬੇਅਦਬੀ ਹੁੰਦੀ ਹੈ। ਇਸ ਲਈ ਇਸ ‘ਤੇ ਪਾਬੰਦੀ ਲਗਾਈ ਗਈ ਹੈ। ਉਹਨਾਂ ਕਿਹਾ ਇਸ ਦੀ ਜਗ੍ਹਾ ‘ਤੇ ਕੁਦਰਤੀ ਇਤਰ ਜਿਸ ਤਰ੍ਹਾਂ ਗੁਲਾਬ ਦੇ ਇਤਰ, ਫੁੱਲਾਂ ਦੇ ਇਤਰ ਉਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਨਾ ਤੇ ਇਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਵਟ ਖ਼ਰਾਬ ਹੋਵੇਗੀ ਨਾ ਹੀ ਉਸਦੀ ਬੇਅਦਬੀ ਹੋਵੇਗੀ। ਜਿਸ ਦੇ ਚਲਦੇ ਸਾਰੇ ਗੁਰਦੁਆਰਾ ਸਾਹਿਬਾਨਾਂ ਨੂੰ ਇਹ ਇਤਰ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ