ਹਾਲ ਹੀ ‘ਚ ਚੀਨ ਦੇ ਸਭ ਤੋਂ ਮਸ਼ਹੂਰ ਵਾਇਰਲੋਜਿਸਟ ਸ਼ੀ ਝੇਂਗਲੀ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਭਵਿੱਖ ਵਿੱਚ ਕੋਰੋਨਾ ਵਾਇਰਸ ਦੀ ਇਕ ਹੋਰ ਲਹਿਰ ਆ ਸਕਦੀ ਹੈ, ਜੋ ਕਿ ਬਹੁਤ ਤਬਾਈ ਮਚਾ ਸਕਦੀ ਹੈ। ਤੁਹਾਨੂੰ ਦੱਸ ਦਈਏ ਕਿ ਸ਼ੀ ਝੇਂਗਲੀ ਨੂੰ ‘ਬੈਟਵੂਮੈਨ’ ਵੀ ਕਿਹਾ ਜਾਂਦਾ ਹੈ। ਸ਼ੀ ਨੇ ਹਾਲ ਹੀ ‘ਚ ਸਹਿਯੋਗੀਆਂ ਦੇ ਨਾਲ ਲਿਖੇ ਇਕ ਪੇਪਰ ਵਿੱਚ ਚਿਤਾਵਨੀ ਦਿੱਤੀ ਸੀ ਕਿ ਦੁਨੀਆ ਨੂੰ ਕੋਵਿਡ-19 ਵਰਗੀ ਇਕ ਹੋਰ ਬਿਮਾਰੀ ਲਈ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਜੇਕਰ ਕੋਰੋਨਾ ਵਾਇਰਸ ਮੁੜ ਫੈਲਦਾ ਹੈ ਤਾਂ ਇਹ ਕਈ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ।
ਦੱਸਣਯੋਗ ਹੈ ਕਿ ਕੋਰੋਨਾ ਵਾਇਰਸ 2003 ‘ਚ ਇਕ ਸਿੰਡਰੋਮ ਕਾਰਨ ਪੈਦਾ ਹੋਇਆ ਸੀ ਤੇ 2019-20 ‘ਚ ਇਹ ਇੰਨਾ ਭਿਆਨਕ ਹੋ ਗਿਆ ਕਿ ਇਸ ਨਾਲ ਦੁਨੀਆ ਭਰ ਵਿੱਚ ਲੱਖਾਂ ਲੋਕਾਂ ਦੀ ਮੌਤ ਹੋ ਗਈ। ਇਸ ਰਿਸਰਚ ਵਿੱਚ ਵੁਹਾਨ ਇੰਸਟੀਚਿਊਟ ਆਫ਼ ਵਾਇਰੋਲੋਜੀ ਦੀ ਸ਼ੀ ਦੀ ਟੀਮ ਨੇ 40 ਕੋਰੋਨਾ ਵਾਇਰਸ ਪ੍ਰਜਾਤੀਆਂ ਦੇ ਮਨੁੱਖ ‘ਚ ਫੈਲਣ ਦੇ ਜੋਖਮ ਦਾ ਸਰਵੇਖਣ ਕੀਤਾ ਅਤੇ ਉਨ੍ਹਾਂ ‘ਚੋਂ ਅੱਧੇ ਤੋਂ ਵੱਧ ਨੂੰ ਜੋਖਮ ਭਰਿਆ ਮੰਨਿਆ। ਖੋਜ ‘ਚ ਦਾਅਵਾ ਕੀਤਾ ਗਿਆ ਹੈ ਕਿ ਇਹ ਲਗਭਗ ਤੈਅ ਹੈ ਕਿ ਭਵਿੱਖ ‘ਚ ਕੋਰੋਨਾ ਮਹਾਮਾਰੀ ਵਰਗੀਆਂ ਹੋਰ ਬੀਮਾਰੀਆਂ ਸਾਹਮਣੇ ਆਉਣਗੀਆਂ।