ਹਰ ਸਾਲ ਜਦੋਂ ਵੀ ਕੋਈ ਗੁਰੂਪੁਰਬ ਆਉਂਦਾ ਹੈ ਤਾਂ ਅੰਮ੍ਰਿਤਸਰ ਸਥਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਜਾਵਟ ਦੇਖਣ ਵਾਲੀ ਹੁੰਦੀ ਹੈ, ਦੇਸ਼ਾ ਵਿਦੇਸ਼ਾਂ ਤੋਂ ਕਈ ਪ੍ਰਕਾਰ ਦੇ ਕਈ ਕੁਇੰਟਲ ਫੁੱਲ ਮੰਗਵਾਏ ਜਾਂਦੇ ਹਨ। ਬਾਹਰੋਂ ਕਾਰੀਗਰ ਆਉਂਦੇ ਨੇ ਜੋ ਕਿ ਆਪਣੀ ਕਾਬੀਲਿਆਤ ਨਾਲ ਦਰਬਾਰ ਸਾਹਿਬ ਨੂੰ ਸਜਾਉਂਦੇ ਹਨ। ਇਸ ਵਾਰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ‘ਤੇ 2 ਹਜ਼ਾਰ ਕੁਇੰਟਲ ਫੁੱਲਾਂ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਜਾਵਟ ਕੀਤੀ ਜਾਵੇਗੀ। ਦੇਸ਼ ਵਿਦੇਸ਼ ਦੇ ਫੁੱਲ ਸਜਾਵਟ ਲਈ ਵਰਤੇ ਜਾਣਗੇ। ਇੰਨਾ ਹੀ ਨਹੀਂ ਕੋਲਕਤਾ ਤੇ ਯੂਪੀ ਤੋਂ ਵਿਸ਼ੇਸ਼ ਤੌਰ ‘ਤੇ 100 ਤੋਂ ਜ਼ਿਆਦਾ ਕਾਰੀਗਰ ਪਹੁੰਚੇ ਹਨ। ਜੋ ਕੱਲ੍ਹ ਸ੍ਰੀ ਹਰਿਮੰਦਰ ਸਾਹਿਬ ਨੂੰ ਸਜਾਉਣਗੇ।
ਤੁਹਾਨੂੰ ਦੱਸ ਦਈਏ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਤਿ ਤਿਆਰੀਆਂ ਅੰਤਿਮ ਪੜਾਅ ‘ਤੇ ਹਨ। ਇਸ ਲਈ ਫੁੱਲਾਂ ਦੀ ਸਜਾਵਟ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ ਅਤੇ ਅੱਜ ਰਾਤ ਤੱਕ ਸਜਾਵਟ ਨੂੰ ਮੁਕੰਮਲ ਕਰ ਦਿੱਤਾ ਜਾਵੇਗਾ।
ਸ਼੍ਰੋਮਣੀ ਕਮੇਟੀ ਦੇ ਸੂਤਰਾਂ ਨੇ ਦੱਸਿਆ ਕਿ ਸਜਾਵਟ ਲਈ ਵਿਸ਼ੇਸ਼ ਤੌਰ ‘ਤੇ ਮਲੇਸ਼ੀਆ, ਥਾਈਲੈਂਡ, ਸਿੰਗਾਪੁਰ, ਬੈਂਕਾਕ, ਹਾਲੈਂਡ, ਨਿਊਜੀਲੈਂਡ, ਕੀਨੀਆ, ਸਾਊਥ ਅਫਰੀਕਾ ਤੋਂ ਫੁੱਲ ਮੰਗਵਾਏ ਗਏ ਹਨ। ਇਸ ਦੇ ਨਾਲ ਹੀ ਭਾਰਤ ਵਿੱਚੋਂ ਕੋਲਕਾਤਾ, ਪੂਨਾ, ਦਿੱਲੀ, ਮੁੰਬਈ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਤੋਂ ਵੀ ਵਿਸ਼ੇਸ਼ ਤੌਰ ਤੇ ਫੁੱਲ ਮੰਗਵਾਏ ਗਏ ਹਨ।
ਗੌਰਤਲਬ ਹੈ ਕਿ ਇਸ ਵਾਰ ਸਜਾਵਟ ਦੇ ਵਿੱਚ ਗੋਲੇ,ਝੂਮਰ,ਲੜੀਆਂ,ਖੰਡਾ,ੴ,ਝਾਲਰ,ਹਾਰ ਤਿਆਰ ਕੀਤੇ ਜਾਣਗੇ। ਸਭ ਤੋਂ ਵੱਧ ਤਾਇਦਾਦ ਫੁੱਲਾਂ ਦੇ ਵਿੱਚ ਗੇਂਦੇ ਦੀ ਹੈ। ਜਿਸ ਨੂੰ ਲੜੀਆਂ ਆਦਿ ਦੇ ਵਿੱਚ ਵਰਤਿਆ ਜਾਵੇਗਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ, ਪਰਿਕਰਮਾ ਵਿੱਚ ਸਥਿਤ ਗੁਰਦੁਆਰਾ ਲਾਚੀ ਬੇਰ ਸਾਹਿਬ, ਗੁਰਦੁਆਰਾ ਝੰਡਾ ਬੁੰਗਾ ਸਾਹਿਬ, ਗੁਰਦੁਆਰਾ ਦੁੱਖਭੰਜਨੀ ਬੇਰ ਸਾਹਿਬ, ਗੁਰਦੁਆਰਾ ਬੇਰ ਬਾਬਾ ਬੁੱਢਾ ਸਾਹਿਬ, ਥੜਾ ਸਾਹਿਬ, ਸ਼ਹੀਦੀ ਯਾਦਗਾਰ, ਸ਼ਹੀਦ ਬੁੰਗਾ ਬਾਬਾ ਦੀਪ ਸਿੰਘ ਜੀ ਸ਼ਹੀਦ, ਗੁਰਦੁਆਰਾ ਰਾਮਸਰ ਸਾਹਿਬ ਵਿੱਖੇ ਸਜਾਵਟ ਕੀਤੀ ਜਾਵੇਗੀ। ਜੋ ਕਿ ਸੱਚਮੁਚ ਸ਼ਾਨਦਾਰ ਹੋਵੇਗੀ।