ਫਿਲਮ ਦਿ ਕਸ਼ਮੀਰ ਫਾਈਲਜ਼ ਨੂੰ ਰਿਲੀਜ਼ ਹੋਏ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਪਰ ਇਸ ਸਬੰਧੀ ਵਿਵਾਦ ਅੱਜ ਵੀ ਜਾਰੀ ਹੈ। ਹਾਲ ਹੀ ਵਿੱਚ, ਅਦਾਕਾਰ ਨਸੀਰੂਦੀਨ ਸ਼ਾਹ ਨੇ ਦਿ ਕਸ਼ਮੀਰ ਫਾਈਲਜ਼ ਅਤੇ ਗਦਰ 2 ਵਰਗੀਆਂ ਫਿਲਮਾਂ ਦੀ ਬਾਕਸ ਆਫਿਸ ਦੀ ਸਫਲਤਾ ‘ਤੇ ਟਿੱਪਣੀ ਕੀਤੀ ਹੈ। ਉਨ੍ਹਾਂ ਨੇ ਇਸ ਨੂੰ ਖਤਰਨਾਕ ਟਰੇਂਡ ਦੱਸਿਆ। ਜਿਸ ਤੋਂ ਬਾਅਦ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੇ ਨਸੀਰੂਦੀਨ ਸ਼ਾਹ ਦੀ ਟਿੱਪਣੀ ‘ਤੇ ਪ੍ਰਤੀਕਿਰਿਆ ਦਿੱਤੀ ਹੈ।
ਇੱਕ ਐਂਟਰਟੇਨਮੈਂਟ ਪੋਰਟਲ ਨੂੰ ਦਿੱਤੇ ਇੰਟਰਵਿਊ ਵਿੱਚ ਵਿਵੇਕ ਨੇ ਕਿਹਾ- ਮੈਨੂੰ ਨਹੀਂ ਪਤਾ। ਉਨ੍ਹਾਂ ਨੂੰ ਤੈਅ ਕਰਨਾ ਚਾਹੀਦਾ ਹੈ ਕਿ ਕਿਹੜੀਆਂ ਫਿਲਮਾਂ ਚੰਗੀਆਂ ਹਨ ਅਤੇ ਕਿਹੜੀਆਂ ਮਾੜੀਆਂ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਉਹ ਫਿਲਮਾਂ ਪਸੰਦ ਹਨ, ਜਿਨ੍ਹਾਂ ‘ਚ ਭਾਰਤ ਦੀ ਆਲੋਚਨਾ ਹੁੰਦੀ ਹੈ। ਕੁਝ ਲੋਕ ਜ਼ਿੰਦਗੀ ਤੋਂ ਪ੍ਰੇਸ਼ਾਨ ਹਨ। ਉਹ ਨਕਾਰਾਤਮਕ ਖ਼ਬਰਾਂ ਅਤੇ ਚੀਜ਼ਾਂ ਵਿੱਚ ਵਿਸ਼ਵਾਸ ਕਰਦੇ ਨੇ , ਇਸ ਲਈ ਮੈਨੂੰ ਨਹੀਂ ਪਤਾ ਕਿ ਨਸੀਰ ਭਾਈ ਨੂੰ ਕੀ ਪਸੰਦ ਹੈ। ਮੈਂ ਉਨ੍ਹਾਂ ਦੀ ਅਦਾਕਾਰੀ ਦਾ ਪ੍ਰਸ਼ੰਸਕ ਹਾਂ ਅਤੇ ਉਨ੍ਹਾਂ ਨੂੰ ਫਿਲਮ ‘ਦਿ ਤਾਸ਼ਕੰਦ ਫਾਈਲਜ਼’ ‘ਚ ਵੀ ਕਾਸਟ ਕੀਤਾ ਹੈ। ਪਰ ਹੁਣ ਉਹ ਇਸ ਤਰ੍ਹਾਂ ਦੀ ਗੱਲ ਕਰ ਰਹੇ ਹਨ। ਸ਼ਾਇਦ ਉਹ ਆਪਣੀ ਜ਼ਿੰਦਗੀ ਵਿਚ ਪ੍ਰੇਸ਼ਾਨ ਹਨ।