ਹਾਲ ਹੀ ‘ਚ ਭਾਰਤ ਦੀ ਰਾਜਧਾਨੀ ਦਿੱਲੀ ਵਿਖੇ G-20 ਸਿਖਰ ਸੰਮੇਲਨ ਦਾ ਆਗਾਜ ਹੋ ਚੁੱਕਿਆ ਹੈ। ਜਿਸ ਵਿੱਚ ਵੱਖ-ਵੱਖ ਦੇਸ਼ ਦੇ ਪ੍ਰਮੁੱਖਾਂ ਨੇ ਸ਼ਿਰਕਤ ਕੀਤੀ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵੀ ਭਾਰਤ ਆਏ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਯੂਨਾਈਟਿਡ ਕਿੰਗਡਮ ਵਿਚ ਕਿਸੇ ਵੀ ਤਰ੍ਹਾਂ ਦਾ ਅੱਤਵਾਦ ਜਾਂ ਹਿੰਸਾ ਸਵੀਕਾਰਯੋਗ ਨਹੀਂ ਹੈ, ਖਾਸ ਤੌਰ ‘ਤੇ ਖਾਲਿਸਤਾਨ ਸਮਰਥਕਾਂ ਨਾਲ ਨਜਿੱਠਣ ਲਈ ਉਨ੍ਹਾਂ ਦੀ ਸਰਕਾਰ ਭਾਰਤ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੀ ਹੈ।
ਅੱਤਵਾਦ ਨੂੰ ਯੂਨਾਈਟਿਡ ਕਿੰਗਡਮ ਵਿੱਚ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬ੍ਰਿਟੇਨ ਵਿੱਚ ਖਾਲਿਸਤਾਨ ਪੱਖੀ ਤੱਤਾਂ ਦੀਆਂ ਗਤੀਵਿਧੀਆਂ ਬਾਰੇ ਭਾਰਤ ਵਿੱਚ ਚਿੰਤਾਵਾਂ ਬਾਰੇ ਇੱਕ ਸਵਾਲ ਦਾ ਜਵਾਬ ਦਿੰਦਿਆਂ, ਯੂਕੇ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਯੂਕੇ ਖਾਲਿਸਤਾਨ ਪੱਖੀ ਕੱਟੜਵਾਦ ਦੇ ਖਤਰੇ ਨਾਲ ਨਜਿੱਠਣ ਲਈ ਭਾਰਤ ਸਰਕਾਰ ਵਿੱਚ ਆਪਣੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਬ੍ਰਿਟੇਨ ਵਿੱਚ ਖਾਲਿਸਤਾਨ ਪੱਖੀ ਤੱਤਾਂ ਦੀਆਂ ਗਤੀਵਿਧੀਆਂ ਨੂੰ ਲੈ ਕੇ, ਖਾਸ ਕਰਕੇ ਮਾਰਚ ਵਿੱਚ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਉੱਤੇ ਹੋਏ ਹਮਲੇ ਤੋਂ ਬਾਅਦ ਭਾਰਤ ਵਿੱਚ ਚਿੰਤਾਵਾਂ ਵਧ ਗਈਆਂ ਹਨ।
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਅੱਗੇ ਕਿਹਾ, “ਇਹ ਇੱਕ ਸੱਚਮੁੱਚ ਮਹੱਤਵਪੂਰਨ ਸਵਾਲ ਹੈ ਅਤੇ ਮੈਂ ਸਪੱਸ਼ਟ ਤੌਰ ‘ਤੇ ਇਹ ਕਹਿਣਾ ਚਾਹੁੰਦਾ ਹਾਂ ਕਿ ਯੂਕੇ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਅੱਤਵਾਦ ਜਾਂ ਹਿੰਸਾ ਸਵੀਕਾਰਯੋਗ ਨਹੀਂ ਹੈ ਅਤੇ ਇਸ ਲਈ ਅਸੀਂ ਖਾਸ ਤੌਰ ‘ਤੇ ‘PKE’ ਪ੍ਰੋ-ਖਾਲਿਸਤਾਨ ਅੱਤਵਾਦ ਨਾਲ ਨਜਿੱਠਣ ਲਈ ਭਾਰਤ ਸਰਕਾਰ ਨਾਲ ਬਹੁਤ ਨੇੜਿਓਂ ਕੰਮ ਕਰ ਰਹੇ ਹਾਂ।’
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਇਸ ਸਾਲ ਮਾਰਚ ਵਿੱਚ ਖਾਲਿਸਤਾਨ ਪੱਖੀ ਤੱਤਾਂ ਵੱਲੋਂ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਉੱਤੇ ਹੋਏ ਹਮਲੇ ਦੀ ਜਾਂਚ ਕਰ ਰਹੀ ਹੈ। ਇੱਥੇ ਦੱਸ ਦੇਈਏ ਕਿ ਰਿਸ਼ੀ ਸੁਨਕ ਨਵੀਂ ਦਿੱਲੀ ਵਿੱਚ 9 ਅਤੇ 10 ਸਤੰਬਰ ਨੂੰ ਹੋਣ ਜਾ ਰਹੇ ਜੀ-20 ਸੰਮੇਲਨ ਵਿੱਚ ਹਿੱਸਾ ਲੈਣ ਲਈ 8 ਸੰਤਬਰ ਨੂੰ ਹੀ ਭਾਰਤ ਪਹੁੰਚ ਗਏ ਸਨ। ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਅਕਸ਼ਤਾ ਮੂਰਤੀ ਵੀ ਹੈ। ਭਾਰਤ ਆਉਂਦੀਆਂ ਹੀ ਰਿਸ਼ੀ ਸੁਨਕ ਨੇ ਬਿਆਨ ਦਿੱਤਾ ਕਿ “ਮੈਨੂੰ ਮਾਣ ਹੈ ਕਿ ਮੈ ਹਿੰਦੂ ਹਾਂ, ਮੈ ਭਾਰਤ ਆਇਆ ਹਾਂ, ਮੈ ਇੱਥੇ ਮੰਦਰ ਵੀ ਜਾਵਾਂਗਾ। “