ਹੁਣ ਤੱਕ ਅਸੀਂ ਆਪਣੇ ਦੇਸ਼ ਨੂੰ ‘ਭਾਰਤ’ ਅਤੇ ‘INDIA’ ਦੋਵਾਂ ਨਾਵਾਂ ਨਾਲ ਪੁਕਾਰਦੇ ਸੀ। ਪਰ ਹੁਣ ਇਹ ਸਵਾਲ ਖੜ੍ਹਾ ਹੋ ਰਿਹਾ ਹੈ ਕੀ ਹੁਣ ਭਾਰਤ ਦਾ ਨਾਮ ਸਿਰਫ਼ ‘ਭਾਰਤ’ ਹੀ ਰਹੇਗਾ? INDIA ਨੂੰ ਹਟਾ ਦਿੱਤਾ ਜਾਵੇਗਾ? ਚਰਚਾ ਹੈ ਕਿ ਸੰਸਦ ਦੇ ਵਿਸ਼ੇਸ਼ ਸੈਸ਼ਨ ‘ਚ ਮੋਦੀ ਸਰਕਾਰ ਸੰਵਿਧਾਨ ‘ਚੋਂ ‘ਇੰਡੀਆ’ ਸ਼ਬਦ ਨੂੰ ਹਟਾਉਣ ਦਾ ਪ੍ਰਸਤਾਵ ਲਿਆ ਸਕਦੀ ਹੈ। ਇਸੇ ਦੇ ਚੱਲਦੇ ਹੁਣ ਭਾਰਤ ਬਨਾਮ ਇੰਡੀਆ ਸੋਸ਼ਲ ਮੀਡੀਆ ‘ਤੇ ਲਗਾਤਾਰ ਟਾਪ ਟ੍ਰੈਂਡ ਕਰ ਰਿਹਾ ਹੈ। ਹੁਣ ਸਾਬਕਾ ਭਾਰਤੀ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਭਾਰਤ ਬਨਾਮ ਇੰਡੀਆ ਵਿਵਾਦ ‘ਤੇ ਆਪਣੀ ਗੱਲ ਰੱਖੀ ਹੈ।
ਦਰਅਸਲ, ਵਰਿੰਦਰ ਸਹਿਵਾਗ ਨੇ ਇਸ ਨੂੰ ਲੈ ਕੇ ਟਵੀਟ ਕੀਤਾ ਹੈ। ਇਸ ਟਵੀਟ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ “ਇਸ ਵਿਸ਼ਵ ਕੱਪ ਵਿੱਚ ਅਸੀਂ ਵਿਰਾਟ ਕੋਹਲੀ, ਰੋਹਿਤ ਸ਼ਰਮਾ, ਜਸਪ੍ਰੀਤ ਬੁਮਰਾਹ ਅਤੇ ਰਵਿੰਦਰ ਜਡੇਜਾ ਲਈ ਚੀਅਰ ਕਰਾਂਗੇ। ਭਾਰਤੀ ਟੀਮ ਦੀ ਜਰਸੀ ‘ਤੇ ਭਾਰਤ ਲਿਖਿਆ ਜਾਣਾ ਚਾਹੀਦਾ ਹੈ, ਕਿਉਂਕਿ ਸਾਡੇ ਦਿਲਾਂ ‘ਚ ਭਾਰਤ ਹੈ। ਇਸ ਦੇ ਨਾਲ ਹੀ ਵਰਿੰਦਰ ਸਹਿਵਾਗ ਨੇ ਇਸ ਟਵੀਟ ਵਿੱਚ BCCI ਸਕੱਤਰ ਜੈ ਸ਼ਾਹ ਨੂੰ ਟੈਗ ਕੀਤਾ ਹੈ। ਹਾਲਾਂਕਿ ਵਰਿੰਦਰ ਸਹਿਵਾਗ ਦਾ ਇਹ ਟਵੀਟ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ ਯੂਜ਼ਰਸ ਲਗਾਤਾਰ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਦਰਅਸਲ, ਮੋਦੀ ਸਰਕਾਰ ਨੇ 18 ਤੋਂ 22 ਸਤੰਬਰ ਤੱਕ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਹੈ। ਇਸ ਸੈਸ਼ਨ ਬਾਰੇ ਅਜੇ ਕੁਝ ਵੀ ਸਪੱਸ਼ਟ ਨਹੀਂ ਹੈ। ਪਰ ਚਰਚਾ ਹੈ ਕਿ ਇਸ ਸੈਸ਼ਨ ਵਿੱਚ ਮੋਦੀ ਸਰਕਾਰ ਦੇਸ਼ ਦਾ ਨਾਮ ਬਦਲ ਕੇ ਸਿਰਫ਼ ‘ਭਾਰਤ’ ਰੱਖਣ ਅਤੇ ‘INDIA’ ਸ਼ਬਦ ਨੂੰ ਹਟਾਉਣ ਲਈ ਬਿੱਲ ਲਿਆ ਸਕਦੀ ਹੈ। ਇਹ ਇਸ ਲਈ ਵੀ ਕਿਹਾ ਜਾ ਰਿਹਾ ਹੈ ਕਿਉਂਕਿ ਰਾਸ਼ਟਰਪਤੀ ਵੱਲੋਂ ਜੀ-20 ਸਮਿਟ ਲਈ ਦੇਸ਼ਾਂ ਦੇ ਪ੍ਰਮੁੱਖਾਂ ਨੂੰ ਭੇਜੇ ਗਏ ਸੱਦੇ ਵਿੱਚ ‘President of Bharat ’ ਲਿਖਿਆ ਹੋਈਆ ਹੈ । ਜਦੋਂ ਕਿ ਹੁਣ ਤਕ ‘President of INDIA’ ਲਿਖਿਆ ਜਾਂਦਾ ਸੀ।