ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਸਵੇਰੇ ਪੰਜਾਬ ਦੇ ਆਦਮਪੁਰ ਏਅਰਬੇਸ ‘ਤੇ ਪਹੁੰਚੇ। ਇੱਥੇ ਉਨ੍ਹਾਂ ਨੇ ਹਵਾਈ ਸੈਨਾ ਦੇ ਜਵਾਨਾਂ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਜਵਾਨਾਂ ਨੂੰ 28 ਮਿੰਟ ਤੱਕ ਸੰਬੋਧਨ ਵੀ ਕੀਤਾ। ਦਸਦੇ ਹਾਂ ਆਦਮਪੁਰ ਏਅਰਬੇਸ ਦੀਆਂ ਕੁਜ ਖਾਸ ਗੱਲਾਂ, ਇਸ ਏਅਰਬੇਸ ਦੀ ਕੀ ਖਾਸੀਅਤ ਹੈ। ਅਤੇ ਪੀਐੱਮ ਮੋਦੀ ਨੇ ਆਦਮਪੁਰ ਨੂੰ ਹੀ ਕਿਉਂ ਚੁਣਿਆ?

ਜਾਣੋਂ ਆਦਮਪੁਰ ਏਅਰਬੇਸ ਕਿੱਥੇ ਸਥਿਤ ਹੈ?
ਆਦਮਪੁਰ ਏਅਰਬੇਸ ਪੰਜਾਬ ਦੇ ਜ਼ਿਲ੍ਹਾ ਜਲੰਧਰ ਤੋਂ ਲਗਭਗ 21 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇੱਥੋਂ ਪਾਕਿਸਤਾਨ ਦੀ ਸਰਹੱਦ ਸਿਰਫ 100 ਕਿਲੋਮੀਟਰ ਦੂਰ ਹੈ।
ਇਹ ਏਅਰਬੇਸ, ਪਾਕਿਸਤਾਨ ਦੀ ਸਰਹੱਦ ਦੇ ਨੇੜੇ ਹੋਣ ਕਰਕੇ ਰਾਸ਼ਟਰੀ ਸੁਰੱਖਿਆ ਲਈ ਬਹੁਤ ਹੀ ਮਹਤਵਪੂਰਣ ਹੈ। ਹਾਲ ਹੀ ਵਿੱਚ ਹੋਏ ਓਪਰੇਸ਼ਨ ਸਿੰਦੂਰ ਦੌਰਾਨ, ਭਾਰਤੀ ਹਵਾਈ ਸੈਨਾ ਨੇ ਇਥੋਂ ਪਾਕਿਸਤਾਨ ਨੂੰ ਢੁਕਵਾਂ ਜਵਾਬ ਦਿੱਤਾ।
ਜਾਣੋ ਆਦਮਪੁਰ ਏਅਰਬੇਸ ਦੀ ਖਾਸੀਅਤ
ਇਹ ਏਅਰਬੇਸ ਭਾਰਤੀ ਹਵਾਈ ਸੈਨਾ ਲਈ ਸਭ ਤੋਂ ਮਹੱਤਵਪੂਰਨ ਠਿਕਾਣਿਆਂ ‘ਚੋਂ ਇੱਕ ਮੰਨਿਆ ਜਾਂਦਾ ਹੈ।
ਇਹ ਸਟੇਸ਼ਨ ਪੂਰੇ ਦੇਸ਼ ਵਿੱਚ ਦੂਜਾ ਸਭ ਤੋਂ ਵੱਡਾ ਏਅਰਫੋਰਸ ਸਟੇਸ਼ਨ ਹੈ।
ਇਸਨੂੰ ਰਾਫੇਲ, ਮਿਰਾਜ ਫਰੰਟਲਾਈਨ ਫਾਈਟਰ ਜੈੱਟਸ ਅਤੇ ਸੁਖੋਈ-30 ਦਾ ਗੜ੍ਹ ਵੀ ਕਿਹਾ ਜਾਂਦਾ ਹੈ।
ਸਾਲ 1965, 1971 ਅਤੇ ਕਾਰਗਿਲ ਯੁੱਧ ਦੌਰਾਨ ਵੀ ਇਸ ਠਿਕਾਣੇ ਨੇ ਮਹਤਵਪੂਰਣ ਭੂਮਿਕਾ ਨਿਭਾਈ।
PM ਮੋਦੀ ਨੇ ਆਦਮਪੁਰ ਕਿਉਂ ਚੁਣਿਆ?
ਓਪਰੇਸ਼ਨ ਸਿੰਦੂਰ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਸਭ ਤੋਂ ਪਹਿਲਾਂ ਆਦਮਪੁਰ ਏਅਰਬੇਸ ਜਾ ਕੇ ਪਾਕਿਸਤਾਨ ਦੇ ਝੂਠ ਨੂੰ ਸਭਦੇ ਸਾਹਮਣੇ ਲਿਆ ਦਿੱਤਾ। ਦਰਅਸਲ, ਭਾਰਤ-ਪਾਕ ਹਮਲਿਆਂ ਦੌਰਾਨ ਪਾਕਿਸਤਾਨ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਆਪਣੀਆਂ ਮਿਸਾਈਲਾਂ ਅਤੇ ਡਰੋਨ ਦੀ ਮਦਦ ਨਾਲ ਆਦਮਪੁਰ ਏਅਰਬੇਸ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਪਰ ਅਸਲ ਵਿੱਚ ਇਹ ਸਿਰਫ਼ ਇੱਕ ਝੂਠ ਸੀ ਜੋ ਪਾਕਿਸਤਾਨ ਵੱਲੋਂ ਫੈਲਾਇਆ ਗਿਆ।
ਆਦਮਪੁਰ ਸਟੇਸ਼ਨ ‘ਤੇ ਪਹੁੰਚ ਕੇ, PM ਨੇ ਪਾਕਿਸਤਾਨ ਨੂੰ ਮੁੰਹਤੋੜ ਜਵਾਬ ਦਿੱਤਾ ਅਤੇ ਇਹ ਵੀ ਕਿਹਾ ਕਿ ਭਾਰਤ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਹਰ ਕਿਸਮ ਦੇ ਹਮਲੇ ਦਾ ਜਵਾਬ ਦੇਣ ਲਈ ਤਿਆਰ ਹੈ।
ਦਸ ਦਇਏ ਕਿ ਆਦਮਪੁਰ ਮਿਲਟਰੀ ਏਅਰਬੇਸ ਨੇ 1965 ਦੀ ਭਾਰਤ-ਪਾਕਿਸਤਾਨ ਜੰਗ ਵਿੱਚ, 71 ਦੀ ਜੰਗ ਵਿੱਚ ਅਤੇ ਕਾਰਗਿਲ ਯੁੱਧ ਵਿੱਚ ਵੀ ਮੁੱਖ ਭੂਮਿਕਾ ਨਿਭਾਈ ਸੀ।
65 ਦੀ ਜੰਗ ਨਾਲ ਕੁਨੈਕਸ਼ਨ
6 ਸਤੰਬਰ 1965 ਨੂੰ, ਪਾਕਿਸਤਾਨੀ ਹਵਾਈ ਸੈਨਾ ਨੇ ਪਠਾਨਕੋਟ, ਆਦਮਪੁਰ ਅਤੇ ਹਲਵਾਰਾ ਵਿਖੇ ਭਾਰਤੀ ਹਵਾਈ ਠਿਕਾਣਿਆਂ ‘ਤੇ ਹਮਲਾ ਕੀਤਾ। ਆਦਮਪੁਰ ਅਤੇ ਹਲਵਾਰਾ ਉੱਤੇ ਹਮਲੇ ਅਸਫਲ ਰਹੇ। ਆਦਮਪੁਰ ਪਹੁੰਚਣ ਤੋਂ ਪਹਿਲਾਂ ਹੀ ਹੜਤਾਲੀ ਸਮੂਹ ਵਾਪਸ ਮੁੜ ਗਿਆ।

7 ਸਤੰਬਰ 1965 ਨੂੰ, ਪਾਕਿਸਤਾਨੀ ਹਵਾਈ ਸੈਨਾ ਨੇ 135 ਸਪੈਸ਼ਲ ਸਰਵਿਸਿਜ਼ ਗਰੁੱਪ ਪੈਰਾ ਕਮਾਂਡੋਜ਼ ਨੂੰ ਤਿੰਨ ਭਾਰਤੀ ਹਵਾਈ ਅੱਡਿਆਂ (ਹਲਵਾਰਾ, ਪਠਾਨਕੋਟ ਅਤੇ ਆਦਮਪੁਰ) ‘ਤੇ ਪੈਰਾਸ਼ੂਟ ਰਾਹੀਂ ਉਤਾਰਿਆ। ਇਹ ਦਲੇਰਾਨਾ ਕੋਸ਼ਿਸ਼ ਪੂਰੀ ਤਰ੍ਹਾਂ ਵਿਨਾਸ਼ਕਾਰੀ ਸਾਬਤ ਹੋਈ। ਸਿਰਫ਼ ਦਸ ਕਮਾਂਡੋ ਪਾਕਿਸਤਾਨ ਵਾਪਸ ਪਰਤਣ ਦੇ ਯੋਗ ਸਨ, ਬਾਕੀਆਂ ਨੂੰ ਜੰਗੀ ਕੈਦੀਆਂ ਵਜੋਂ ਲੈ ਲਿਆ ਗਿਆ (ਜਿਨ੍ਹਾਂ ਵਿੱਚ ਮੇਜਰ ਖਾਲਿਦ ਬੱਟ, ਜੋ ਕਿ ਆਪ੍ਰੇਸ਼ਨ ਦੇ ਕਮਾਂਡਰਾਂ ਵਿੱਚੋਂ ਇੱਕ ਸੀ)। ਆਦਮਪੁਰ ਵਿੱਚ, ਇਹ ਸਿਪਾਹੀ ਰਿਹਾਇਸ਼ੀ ਇਲਾਕਿਆਂ ਵਿੱਚ ਉਤਰੇ, ਜਿੱਥੇ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਫੜ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ।
71 ਦੀ ਜੰਗ ਵਿੱਚ ਅਹਿਮ ਭੂਮਿਕਾ
ਪੱਛਮੀ ਮੋਰਚੇ ‘ਤੇ 1971 ਦੀ ਭਾਰਤ-ਪਾਕਿਸਤਾਨ ਜੰਗ 3 ਦਸੰਬਰ 1971 ਨੂੰ ਆਪ੍ਰੇਸ਼ਨ ਚੰਗੀਜ਼ ਖਾਨ ਨਾਲ ਸ਼ੁਰੂ ਹੋਈ ਸੀ। ਪਠਾਨਕੋਟ ਏਅਰ ਫੋਰਸ ਸਟੇਸ਼ਨ ‘ਤੇ ਹਮਲਾ ਹੋਇਆ ਅਤੇ ਰਨਵੇਅ ਨੂੰ ਭਾਰੀ ਨੁਕਸਾਨ ਪਹੁੰਚਿਆ। ਇਸ ਹਮਲੇ ਤੋਂ ਬਾਅਦ, ਪਠਾਨਕੋਟ ਨੂੰ ਆਦਮਪੁਰ ਤੋਂ ਇੰਟਰਸੈਪਟਰਾਂ ਦੁਆਰਾ ਕਵਰ ਕੀਤਾ ਗਿਆ ਸੀ ਜਦੋਂ ਕਿ ਜ਼ਮੀਨੀ ਅਮਲੇ ਨੇ ਰਨਵੇ ਦੀ ਮੁਰੰਮਤ ਕੀਤੀ।

ਕਾਰਗਿਲ ਯੁੱਧ ਵਿੱਚ ਅਹਿਮ ਭੂਮਿਕਾ
1999 ਦੇ ਕਾਰਗਿਲ ਸੰਘਰਸ਼ ਦੌਰਾਨ ਆਦਮਪੁਰ AFB ਤੋਂ ਉਡਾਣ ਭਰਦੇ ਹੋਏ, ਨੰਬਰ 7 ਸਕੁਐਡਰਨ ਆਈਏਐਫ ਦੇ ਮਿਰਾਜ ਨੇ ਟਾਈਗਰਹਿਲ, ਮੁੰਥੋ ਧਾਲੋ ਅਤੇ ਤੋਲੋਲਿੰਗ ‘ਤੇ ਹਮਲਾ ਕੀਤਾ।

ਹੁਣ ਤੁਹਾਨੂੰ ਦਸਦੇ ਹਾਂ ਕਿ ਪੀਐੱਮ ਮੰਗਲਾਵਰ 13 ਤਾਰੀਖ ਨੂੰ ਆਦਮਪੁਰ ਏਅਰਬੇਸ ਤੇ ਪੁੱਜੇ ਜਿੱਥੋੰ ਉਨ੍ਹਾਂ ਨੇ ਸੇਨਾ ਦਾ ਮਨੋਬਲ ਵਧਾਇਆ। ਅਤੇ ਇਸਦੇ ਨਾਲ ਹੀ ਭਾਰਤ ਦੇ ਗੁਆਂਢੀ ਮੁਲਕਾਂ ਨੂੰ ਵੀ ਇਹ ਕਰੜਾ ਸੁਨੇਹਾ ਦਿੱਤਾ। ਜਾਣਦੇ ਹਾਂ ਮੁੱਖ ਬਿੰਦੂ
- PM ਮੋਦੀ ਦੀ ਭਾਸ਼ਣ ਦੇ ਮੁੱਖ ਬਿੰਦੂ, ਕਿਹਾ ਜੇਕਰ ਹੁਣ ਪਾਕ ਨੇ ਦੁੱਸਾਹਸ ਕੀਤਾ ਤਾਂ ਮੁੱਹਤੋੜ ਜਵਾਬ ਮਿਲੇਗਾ
ਪਾਕਿਸਤਾਨ ਨੂੰ ਚੇਤਾਵਨੀ, “ਦੁਸ਼ਮਣ ਨੂੰ ਮਿੱਟੀ ‘ਚ ਮਿਲਾਉਣਾ ਵੀ ਜਾਣਦੇ ਹਾਂ”
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਾਕਿਸਤਾਨ ਦੀ ਅਪੀਲ ਤੋਂ ਬਾਅਦ ਭਾਰਤ ਨੇ ਸਿਰਫ ਆਪਣੀ ਸੈਨਾ ਦੀ ਕਾਰਵਾਈ ਨੂੰ ਅਸਥਾਈ ਤੌਰ ‘ਤੇ ਰੋਕਿਆ ਹੈ। ਜੇਕਰ ਪਾਕਿਸਤਾਨ ਨੇ ਫਿਰ ਤੋਂ ਕੋਈ ਅੱਤਵਾਦੀ ਗਤੀਵਿਧੀ ਜਾਂ ਦੁੱਸਾਹਸ ਨਹੀਂ ਸਹੇਗਾ, ਜੇਕਰ ਅਜਿਹਾ ਕੁਜ ਹੁੰਦਾ ਹੈ ਤਾਂ ਹੁਣ ਭਾਰਤ ਉਸ ਦਾ ਮੁੱਹਤੋੜ ਜਵਾਬ ਦੇਵੇਗਾ। ਇਹ ਜਵਾਬ ਭਾਰਤ ਆਪਣੀਆਂ ਸ਼ਰਤਾਂ ‘ਤੇ, ਆਪਣੇ ਢੰਗ ਨਾਲ ਦੇਵੇਗਾ।
“ਇਸ ਫੈਸਲੇ ਦੀ ਨੀਂਹ ਤੁਹਾਡਾ ਧੀਰਜ, ਸ਼ੌਰਯ, ਸਾਹਸ ਅਤੇ ਸੁਰੱਖਿਆ ਪ੍ਰਤੀ ਤੁਹਾਡੀ ਸਜਗਤਾ”
ਤੁਹਾਡਾ ਹੌਸਲਾ, ਇਹ ਜੁਨੂੰਨ, ਇਹ ਜਜ਼ਬਾ ਇੰਝ ਹੀ ਬਣਿਆ ਰਹੇ– ਇਹ ਜ਼ਰੂਰੀ ਹੈ। ਸਾਨੂੰ ਲਗਾਤਾਰ ਚੌਕੱਸ ਰਹਿਣਾ ਹੈ। ਸਾਨੂੰ ਤਿਆਰ ਰਹਿਣਾ ਹੈ। ਸਾਨੂੰ ਦੁਸ਼ਮਣ ਨੂੰ ਇਹ ਯਾਦ ਦਿਵਾਉਂਦੇ ਰਹਿਣਾ ਹੈ ਕਿ ਇਹ ਨਵਾਂ ਭਾਰਤ ਹੈ। ਇਹ ਸ਼ਾਂਤੀ ਚਾਹੁੰਦਾ ਹੈ, ਪਰ ਜੇਕਰ ਮਨੁੱਖਤਾ ‘ਤੇ ਹਮਲਾ ਹੋਇਆ ਤਾਂ ਭਾਰਤ ਜੰਗ ਦੇ ਮੈਦਾਨ ‘ਚ ਦੁਸ਼ਮਣ ਨੂੰ ਮਿੱਟੀ ‘ਚ ਮਿਲਾਉਣਾ ਵੀ ਬਖੂਬੀ ਜਾਣਦਾ ਹੈ।
“ਸਾਡੇ ਕੋਲ ਨਵੀਂ ਟੈਕਨੋਲੋਜੀ ਦੀ ਸ਼ਕਤੀ, ਪਾਕਿਸਤਾਨ ਨਹੀਂ ਕਰ ਸਕਦਾ ਸਾਹਮਣਾ”
ਹਵਾਈ ਸੈਨਾ ਸਮੇਤ ਸਾਰੀਆਂ ਸੈਣਿਕ ਤਾਕਤਾਂ ਕੋਲ ਹੁਣ ਦੁਨੀਆ ਦੀ ਸਭ ਤੋਂ ਉੱਤਮ ਤਕਨੀਕ ਦੀ ਪਹੁੰਚ ਹੈ। ਨਵੀਂ ਟੈਕਨੋਲੋਜੀ ਨਾਲ ਚੁਣੌਤੀਆਂ ਵੀ ਉਤਨੀਆਂ ਹੀ ਵੱਡੀਆਂ ਹੁੰਦੀਆਂ ਹਨ। ਪੇਚੀਦੇ ਅਤੇ ਉੱਚ ਤਕਨੀਕੀ ਸਿਸਟਮਾਂ ਦੀ ਸੰਭਾਲ ਕਰਨੀ ਅਤੇ ਉਨ੍ਹਾਂ ਨੂੰ ਉੱਚ ਕੁਸ਼ਲਤਾ ਨਾਲ ਚਲਾਉਣਾ ਆਪਣੇ ਆਪ ‘ਚ ਇੱਕ ਕਲਾ ਹੈ। ਤੁਸੀਂ ਇਹ ਸਾਬਤ ਕਰ ਦਿੱਤਾ ਹੈ ਕਿ ਤੁਸੀਂ ਇਸ ਖੇਡ ਵਿੱਚ ਦੁਨੀਆ ਦੇ ਸਿਰਮੌਰ ਹੋ।
ਭਾਰਤ ਦੀ ਹਵਾਈ ਸੈਨਾ ਹੁਣ ਸਿਰਫ ਹਥਿਆਰਾਂ ਤੱਕ ਸੀਮਤ ਨਹੀਂ, ਡਾਟਾ ਅਤੇ ਡਰੋਨਾਂ ਰਾਹੀਂ ਵੀ ਦੁਸ਼ਮਣ ਨੂੰ ਛਕਾਉਣ ਵਿੱਚ ਮਾਹਰ ਹੋ ਚੁੱਕੀ ਹੈ।
“ਮਜ਼ਬੂਤ ਸੁਰੱਖਿਆ ਕਵਚ ਹੁਣ ਭਾਰਤ ਦੀ ਪਛਾਣ ਹੈ”
ਇਹ ਹੁਣ ਭਾਰਤੀ ਸੈਨਾਵਾਂ ਦੀ ਮਜ਼ਬੂਤੀ ਦੀ ਪਹਿਚਾਣ ਬਣ ਚੁੱਕੀ ਹੈ। ਓਪਰੇਸ਼ਨ ਸਿੰਦੂਰ ਦੌਰਾਨ ਸਿਰਫ ਮੈਨਪਾਵਰ ਹੀ ਨਹੀਂ, ਮਸ਼ੀਨਾਂ ਅਤੇ ਜਵਾਨਾਂ ਵਿਚਕਾਰ ਬੇਮਿਸਾਲ ਤਾਲਮੇਲ ਵੀ ਵੇਖਣ ਨੂੰ ਮਿਲਿਆ।
ਭਾਰਤ ਦੇ ਰਵਾਇਤੀ ਏਅਰ ਡਿਫੈਂਸ ਸਿਸਟਮ, ਜਿਵੇਂ ਕਿ ‘ਆਕਾਸ਼’ ਵਰਗੇ ਮੇਡ ਇਨ ਇੰਡੀਆ ਪਲੇਟਫਾਰਮ ਅਤੇ ਐੱਸ-400 ਵਰਗੇ ਆਧੁਨਿਕ ਡਿਫੈਂਸ ਸਿਸਟਮਾਂ ਨੇ ਸਾਨੂੰ ਬੇਮਿਸਾਲ ਤਾਕਤ ਦਿੱਤੀ ਹੈ।
ਇੱਕ ਮਜ਼ਬੂਤ ਸੁਰੱਖਿਆ ਕਵਚ ਹੁਣ ਭਾਰਤ ਦੀ ਪਛਾਣ ਬਣ ਗਿਆ ਹੈ। ਪਾਕਿਸਤਾਨ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਭਾਰਤ ਦੇ ਏਅਰਬੇਸ ਹੋਣ ਜਾਂ ਰੱਖਿਆ ਸੰਬੰਧੀ ਢਾਂਚੇ, ਉਨ੍ਹਾਂ ਨੂੰ ਰਤਾ ਭਰ ਵੀ ਨੁਕਸਾਨ ਨਹੀਂ ਹੋਇਆ। ਇਸਦਾ ਸਹਿਰਾ ਤੁਹਾਡੇ ਸਾਰੇ ਯੋਗਦਾਨ ਨੂੰ ਜਾਂਦਾ ਹੈ।
“ਨਿਊਕਲੀਅਰ ਬਲੈਕਮੇਲਿੰਗ ਹੁਣ ਭਾਰਤ ਬਰਦਾਸ਼ਤ ਨਹੀਂ ਕਰੇਗਾ”
ਪਾਕਿਸਤਾਨ ਦੇ ਡਰੋਨ, ਉਸਦੇ UAV, ਏਅਰਕ੍ਰਾਫਟ ਅਤੇ ਮਿਸਾਈਲਾਂ ਭਾਰਤ ਦੇ ਮਜ਼ਬੂਤ ਏਅਰ ਡਿਫੈਂਸ ਸਿਸਟਮ ਅੱਗੇ ਢੇਰ ਹੋ ਗਏ। ਮੈਂ ਦੇਸ਼ ਦੇ ਹਰੇਕ ਏਅਰਬੇਸ ਨਾਲ ਜੁੜੀ ਲੀਡਰਸ਼ਿਪ ਅਤੇ ਹਰੇਕ ਏਅਰ ਵਾਰਿਅਰ ਦੀ ਦਿਲੋਂ ਸਰਾਹਣਾ ਕਰਦਾ ਹਾਂ। ਤੁਸੀਂ ਵਾਕਈ ਕਾਬਿਲ-ਏ-ਤਾਰੀਫ਼ ਕੰਮ ਕੀਤਾ ਹੈ।
ਅੱਤਵਾਦ ਦੇ ਖਿਲਾਫ ਭਾਰਤ ਦੀ ਲਕਸ਼ਮਣ ਰੇਖਾ ਬਿਲਕੁਲ ਸਾਫ਼ ਹੈ: ਹੁਣ ਜੇਕਰ ਕੋਈ ਟੈਰਰ ਅਟੈਕ ਹੋਇਆ, ਤਾਂ ਭਾਰਤ ਢੁਕਵਾਂ ਜਵਾਬ ਦੇਵੇਗਾ। ਅਸੀਂ ਇਹ ਗੱਲ ਸਰਜੀਕਲ ਸਟ੍ਰਾਈਕ ‘ਚ ਵੀ ਵੇਖੀ, ਏਅਰ ਸਟ੍ਰਾਈਕ ‘ਚ ਵੀ ਅਤੇ ਹੁਣ “ਓਪਰੇਸ਼ਨ ਸਿੰਦੂਰ” ਭਾਰਤ ਦਾ ਨਵਾਂ ਨਿਯਮ ਬਣ ਗਿਆ ਹੈ।
“ਭਾਰਤ ਨੇ ਤੈਅ ਕੀਤੇ ਹੁਣ ਤਿੰਨ ਸਿਧਾਂਤ”
ਪਹਿਲਾ: ਜੇਕਰ ਭਾਰਤ ‘ਤੇ ਆਤੰਕੀ ਹਮਲਾ ਹੋਇਆ, ਤਾਂ ਅਸੀਂ ਆਪਣੇ ਢੰਗ ਨਾਲ, ਆਪਣੀਆਂ ਸ਼ਰਤਾਂ ‘ਤੇ ਅਤੇ ਆਪਣੇ ਸਮੇਂ ‘ਤੇ ਜਵਾਬ ਦੇਵਾਂਗੇ।
ਦੂਜਾ: ਕੋਈ ਵੀ ਨਿਊਕਲੀਅਰ ਬਲੈਕਮੇਲਿੰਗ ਹੁਣ ਭਾਰਤ ਨਹੀਂ ਸਹਿੰਦੇਗਾ।
ਤੀਜਾ: ਅਸੀਂ ਆਤੰਕ ਨੂੰ ਆਸਰਾ ਦੇਣ ਵਾਲੀ ਸਰਕਾਰ ਅਤੇ ਆਤੰਕ ਦੇ ਮਾਸਟਰਮਾਈਂਡਾਂ ਨੂੰ ਵੱਖ ਵੱਖ ਨਹੀਂ ਵੇਖਾਂਗੇ।
ਦੁਨੀਆ ਵੀ ਹੁਣ ਭਾਰਤ ਦੀ ਇਸ ਨਵੀਂ ਨੀਤੀ ਨੂੰ ਸਮਝ ਕੇ ਅੱਗੇ ਵਧ ਰਹੀ ਹੈ।
ਬੁੱਧ ਅਤੇ ਗੁਰੂ ਗੋਬਿੰਦ ਸਿੰਘ ਦੀ ਗੱਲ ਕਰ ਕਿਹਾ-“ਅੱਤਵਾਦੀਆਂ ਨੂੰ ਘਰ ਵਿਚ ਵੜ੍ਹ ਕੇ ਕੁਚਲਿਆ”
ਪੀਐਮ ਮੋਦੀ ਨੇ ਕਿਹਾ ਕਿ ਓਪਰੇਸ਼ਨ ਸਿੰਦੂਰ ਕੋਈ ਆਮ ਫੌਜੀ ਮੁਹਿੰਮ ਨਹੀਂ ਸੀ, ਇਹ ਭਾਰਤ ਦੀ ਨੀਤੀ, ਨੀਅਤ ਅਤੇ ਨਿਰਣੈ ਦੀ ਤਾਕਤ ਦਾ ਤ੍ਰਿਵੇਣੀ ਸੰਗਮ ਸੀ। ਭਾਰਤ ਉਹ ਧਰਤੀ ਹੈ ਜਿੱਥੇ ਭਗਵਾਨ ਬੁੱਧ ਦਾ ਕਰੁਣਾ ਦਾ ਸਨਦੇਸ਼ ਹੈ, ਤੇ ਇਥੇ ਗੁਰੂ ਗੋਬਿੰਦ ਸਿੰਘ ਜੀ ਦੀ ਵੀ ਪ੍ਰੇਰਣਾ ਹੈ।
ਉਹਨਾਂ ਯਾਦ ਕਰਵਾਇਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ:
“ਸਵਾ ਲਾਖ ਸੇ ਏਕ ਲਡ਼ਾਉਂ,
ਚਿੜੀਆਂ ਤੇ ਮੈਂ ਬਾਜ ਤੁਡ਼ਾਉਂ,
ਤਬ ਗੋਬਿੰਦ ਸਿੰਘ ਨਾਮ ਕਹਾਉਂ।”
ਜਦੋਂ ਸਾਡੀਆਂ ਭੈਣਾਂ-ਧੀਆਂ ਦੇ ਸਿੰਦੂਰ ਮਿਟਾਉਣ ਦੀ ਕੋਸ਼ਿਸ਼ ਹੋਈ, ਤਾਂ ਅਸੀਂ ਅੱਤਵਾਦੀਆਂ ਦੇ ਘਰ ਵੜ੍ਹ ਕੇ ਉਹਨਾਂ ਦੇ ਫ਼ਣ ਕੁਚਲ ਦਿੱਤੇ।
“ਓਹ ਭੁੱਲ ਗਏ ਕਿ ਜਿਨ੍ਹਾਂ ਨੂੰ ਲਲਕਾਰਿਆ ਹੈ, ਉਹ “ਹਿੰਦ ਦੀ ਫੌਜ”
ਤੁਸੀਂ ਉਨ੍ਹਾਂ ਨੂੰ ਸਾਹਮਣੇ ਆ ਕੇ ਮਾਰਿਆ, ਤੁਸੀਂ ਅੱਤਵਾਦ ਦੇ ਵੱਡੇ ਅੱਡਿਆਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ। 9 ਅੱਤਵਾਦੀ ਠਿਕਾਣੇ ਨਸ਼ਟ ਕੀਤਾ, 100 ਤੋਂ ਵੱਧ ਅੱਤਵਾਦੀਆਂ ਨੂੰ ਮੌਤ ਮਿਲੀ।
ਹੁਣ ਅੱਤਵਾਦ ਦੇ ਮਾਸਟਰਮਾਈਂਡਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਆ ਗਈ ਹੈ ਕਿ ਭਾਰਤ ਵੱਲ ਖੋਟੀ ਨਜ਼ਰ ਚੁੱਕਣ ਦਾ ਇਕੋ ਅੰਜਾਮ ਹੈ – ਤਬਾਹੀ।