ਬੀਤੇ ਦਿਨੀਂ ਪੰਜਾਬ ਦੀ ਮਹਿਲਾ ਪੁਲਸ ਕਾਂਸਟੇਬਲ ਅਮਨਦੀਪ ਕੌਰ, ਜਿਸ ਨੂੰ ਕਿ ਹੈਰੋਇਨ ਦੇ ਨਸ਼ੇ ਨਾਲ ਪੁਲਸ ਨੇ ਗ੍ਰਿਫਤਾਰ ਕੀਤਾ ਸੀ, ਉਸ ਨੂੰ ਵੀਰਵਾਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਪੁਲਸ ਨੂੰ ਅਮਨਦੀਪ ਕੌਰ ਦਾ ਦੋ ਦਿਨਾਂ ਰਿਮਾਂਡ ਹਾਸਿਲ ਹੋਇਆ ਹੈ। ਪੁਲਸ ਮੁਤਾਬਕ ਅਦਾਲਤ ਤੋਂ ਸੱਤ ਦਿਨ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ ਪਰ ਅਦਾਲਤ ਵੱਲੋਂ ਦੋ ਦਿਨ ਦਾ ਹੀ ਰਿਮਾਂਡ ਦਿੱਤਾ ਗਿਆ।
ਮਾਮਲੇ ਸਬੰਧੀ ਜਾਣਕਾਰੀ ਪੁਲਸ ਮੁਤਾਬਕ ‘ਇਸ ਮਾਮਲੇ ਵਿੱਚ ਅਮਨਦੀਪ ਕੌਰ ਦੇ ਸਾਥੀ ਬਲਵਿੰਦਰ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ, ਉਸ ਦੇ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ। ਇੱਕ ਦਿਨ ਦੇ ਪੁਲਿਸ ਰਿਮਾਂਡ ਦੌਰਾਨ ਅਮਨਦੀਪ ਕੌਰ ਵੱਲੋਂ ਕਈ ਖੁਲਾਸੇ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਕਾਂਸਟੇਬਲ ਅਮਨਦੀਪ ਕੌਰ ਦੀ ਪੇਸ਼ੀ ਦੌਰਾਨ ਪੁਲਸ ਵੱਲੋਂ ਨਾਮਜ਼ਦ ਕੀਤੇ ਉਸ ਦੇ ਸਾਥੀ ਬਲਵਿੰਦਰ ਸਿੰਘ ਦੀ ਪਤਨੀ ਨੇ ਕਚਿਹਰੀ ‘ਚ ਵੱਡਾ ਹੰਗਾਮਾ ਕੀਤਾ। ਉਕਤ ਮਹਿਲਾ ਨੇ ਇਲਜ਼ਾਮ ਲਗਾਏ ਹਨ ਕਿ ‘ਬਲਵਿੰਦਰ ਅਤੇ ਚਿੱਟਾ (ਹੈਰੋਇਨ) ਵੇਚਣ ਵਾਲੀ ਕਾਂਸਟੇਬਲ ਅਮਨਦੀਪ ਕੌਰ ਦੇ ਨਜਾਇਜ਼ ਸਬੰਧ ਹਨ ਅਤੇ ਦੋਵੇਂ ਮਿਲ ਕੇ ਨਸ਼ੇ ਦਾ ਵਪਾਰ ਕਰਦੇ ਹਨ। ਬਲਵਿੰਦਰ ਐਂਬੂਲੈਂਸ ਵਿੱਚ ਨਸ਼ਾ ਲੈਕੇ ਆਉਂਦਾ ਸੀ ਅਤੇ ਅਮਨਦੀਪ ਕੌਰ ਵੇਚਦੀ ਹੈ।’ ‘ਮਹਿਲਾ ਨੇ ਕਿਹਾ ਕਿ ਉਸ ਦੀਆਂ ਦੋ ਬੱਚੀਆਂ ਹਨ ਅਤੇ ਉਹ ਇੱਕਲੀ ਰਹਿੰਦੀ ਹੈ ਕਿਉਂਕਿ ਉਸ ਦਾ ਪਤੀ ਦੋ ਸਾਲ ਤੋਂ ਕਾਂਸਟੇਬਲ ਅਮਨਦੀਪ ਨਾਲ ਰਹਿੰਦਾ ਹੈ।’ ਹਾਲਾਂਕਿ ਪੁਲਸ ਨੇ ਇਸ ਮਾਮਲੇ ‘ਚ ਜਾਂਚ ਦੀ ਗੱਲ ਕਹੀ ਹੈ।