ਸਕੂਲ ਸਿੱਖਿਆ ਵਿਭਾਗ ਨੇ 10ਵੀਂ ਜਮਾਤ ਦੀ ਪ੍ਰੀਖਿਆ ਦੌਰਾਨ ਨਕਲ ਦੇ ਮਾਮਲੇ ਵਿੱਚ ਦੋ ਅਧਿਆਪਕਾਂ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਕਾਰਵਾਈ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਗੁਰਦਾਸਪੁਰ ਵਿੱਚ ਸੁਪਰਡੈਂਟ ਅਤੇ ਇੰਸਪੈਕਟਰ ਵਜੋਂ ਤਾਇਨਾਤ ਇਨ੍ਹਾਂ ਅਧਿਆਪਕਾਂ ਵਿਰੁੱਧ ਕੀਤੀ ਗਈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਫਲਾਇੰਗ ਸਕੁਐਡ ਟੀਮ ਨੇ ਪ੍ਰੀਖਿਆ ਦੌਰਾਨ ਧੋਖਾਧੜੀ ਲਈ ਵਟਸਐਪ ਦੀ ਵਰਤੋਂ ਦੇਖੀ, ਜਿਸ ਕਾਰਨ ਦੋਵਾਂ ਅਧਿਆਪਕਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ 17 ਮਾਰਚ ਨੂੰ ਹੋਈ 10ਵੀਂ ਜਮਾਤ ਦੀ ਅੰਗਰੇਜ਼ੀ ਦੀ ਪ੍ਰੀਖਿਆ ਦੌਰਾਨ ਫਲਾਇੰਗ ਸਕੁਐਡ ਨੇ ਪਾਇਆ ਕਿ ਨਿਗਰਾਨ ਅਫ਼ਸਰ ਕਿਰਨਦੀਪ ਕੌਰ, ਜੋ ਕਿ ਹਿੰਦੀ ਮਿਸਟ੍ਰੈਸ ਹੈ, ਵਿਦਿਆਰਥੀਆਂ ਦੀ ਮਦਦ ਲਈ ਆਪਣੇ ਮੋਬਾਈਲ ਫ਼ੋਨ ‘ਤੇ ਵਟਸਐਪ ਰਾਹੀਂ ਸਵਾਲਾਂ ਦੇ ਜਵਾਬ ਮੰਗਵਾ ਰਹੀ ਸੀ। ਪ੍ਰੀਖਿਆ ਪ੍ਰਣਾਲੀ ਦੀ ਇਹ ਸਪੱਸ਼ਟ ਉਲੰਘਣਾ ਪ੍ਰੀਖਿਆ ਕੇਂਦਰ ਦੇ ਸੁਪਰਡੈਂਟ ਅਸ਼ਵਨੀ ਕੁਮਾਰ, ਲੈਕਚਰਾਰ ਦੀ ਲਾਪਰਵਾਹੀ ਕਾਰਨ ਹੋਈ ਹੈ, ਜਿਸ ਨੇ ਬਿਨਾਂ ਕਿਸੇ ਚਿਤਾਵਨੀ ਦੇ ਪ੍ਰੀਖਿਆ ਹਾਲ ਵਿੱਚ ਮੋਬਾਈਲ ਫ਼ੋਨ ਲਿਆਉਣ ਦੀ ਇਜਾਜ਼ਤ ਦਿੱਤੀ ਸੀ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਅਜਿਹੀ ਕਿਸੇ ਵੀ ਉਲੰਘਣਾ ਅਤੇ ਬੇਈਮਾਨੀ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਦੋਵਾਂ ਅਧਿਆਪਕਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਸਕੂਲ ਸਿੱਖਿਆ ਮੰਤਰੀ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਵਾਧੂ ਵਿਸ਼ੇਸ਼ ਟੀਮਾਂ ਗਠਿਤ ਕਰਕੇ ਅਤੇ ਫਲਾਇੰਗ ਸਕੁਐਡ ਦੀ ਗਿਣਤੀ ਵਿੱਚ ਵਾਧਾ ਕਰਕੇ ਨਿਗਰਾਨੀ ਨੂੰ ਹੋਰ ਤੇਜ਼ ਕਰਨ ।