Punjab News: ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਜਾਣ ਵਾਲੇ ਦੋਪਹੀਆ ਵਾਹਨਾਂ ‘ਤੇ ਲੱਗੇ ਕੱਟਣਪੰਥੀ ਜਰਨੈਲ ਸਿੰਘ ਭਿੰਡਰਾਵਾਲਾ ਦੇ ਝੰਡੇ ਉਤਾਰ ਕੇ ਪੈਰਾਂ ਹੇਠ ਰੋਲਣ ਦਾ ਮਾਮਲਾ ਭੱਖ ਗਿਆ ਹੈ। ਇਸ ਮੁੱਦੇ ਨੂੰ ਲੈ ਕੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਸੂਬੇ ਆਹਮੋ-ਸਾਹਮਣੇ ਆ ਗਏ ਹਨ।
ਦਰਅਸਲ, ਇਹ ਮਾਮਲਾ ਹਿਮਾਚਲ ਪ੍ਰਦੇਸ਼ ਪ੍ਰਸ਼ਾਸਨ ਵੱਲੋਂ ਬਾਈਕਾਂ ਤੋਂ ਭਿੰਡਰਾਂਵਾਲੇ ਦੇ ਝੰਡੇ ਹਟਾਏ ਜਾਣ ਨਾਲ ਸ਼ੁਰੂ ਹੋਇਆ, ਜਿਸਦਾ ਹੁਣ ਪੰਜਾਬ ਵਿੱਚ ਵਿਰੋਧ ਹੋ ਰਿਹਾ ਹੈ। ਜਿੱਥੇ ਸਿੱਖ ਨੌਜਵਾਨਾਂ ਨੇ ਹਿਮਾਚਲ ਰੋਡਵੇਜ਼ ਦੀਆਂ ਬੱਸਾਂ ਨੂੰ ਰੋਕਿਆ ਤੇ ਉਨ੍ਹਾਂ ‘ਤੇ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪੋਸਟਰ ਲਾ ਦਿੱਤੇ। ਨਾਲ ਹੀ ਡਰਾਈਵਰਾਂ-ਕੰਡਕਟਰਾਂ ਨੂੰ ਪੋਸਟਰਾਂ ਨੂੰ ਨਾ ਹਟਾਉਣ ਦੀ ਧਮਕੀ ਵੀ ਦਿੱਤੀ ।
ਇਹ ਮੁੱਦਾ ਮੰਗਲਵਾਰ ਨੂੰ ਹਿਮਾਚਲ ਵਿਧਾਨ ਸਭਾ ਵਿੱਚ ਵੀ ਗੂੰਜਿਆ। ਇਸ ਮੁੱਦੇ ‘ਤੇ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਤੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਵਿਚਕਾਰ ਕਾਫ਼ੀ ਬਹਿਸ ਹੋਈ। ਇਸ ਦੌਰਾਨ, HRTC ਦੇ MD ਨਿਪੁਣ ਜਿੰਦਲ ਨੇ ਹੁਸ਼ਿਆਰਪੁਰ ਪੁਲਸ ਸਟੇਸ਼ਨ ਵਿੱਚ ਮਾਮਲਾ ਦਰਜ ਕਰਵਾਈ ਹੈ।
ਪੰਜਾਬ ਵਿੱਚ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ (HRTC) ਦੀਆਂ ਬੱਸਾਂ ਨੂੰ ਰੋਕਣ ਦੇ ਮੁੱਦੇ ‘ਤੇ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਨੇ ਵਿਧਾਨ ਸਭਾ ਵਿੱਚ ਸਰਕਾਰ ਨੂੰ ਘੇਰਿਆ ਤੇ ਕਿਹਾ ਪੰਜਾਬ ਜਾਣ ਵਾਲੀਆਂ HRTC ਬੱਸਾਂ ਵਿੱਚ ਭਿੰਡਰਾਂਵਾਲੇ ਦੇ ਝੰਡੇ ਲਹਿਰਾਏ ਜਾ ਰਹੇ ਹਨ ਅਤੇ ਤਲਵਾਰਾਂ ਖੁੱਲ੍ਹੇਆਮ ਲਹਿਰਾਈਆਂ ਜਾ ਰਹੀਆਂ ਹਨ। ਇਹ ਕਾਨੂੰਨ ਵਿਵਸਥਾ ‘ਤੇ ਇੱਕ ਵੱਡਾ ਸਵਾਲ ਹੈ। ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਦੋਵਾਂ ਸੂਬਿਆਂ ਵਿੱਚ ਸ਼ਾਂਤੀ ਅਤੇ ਸਦਭਾਵਨਾ ਬਰਕਰਾਰ ਰਹੇ। ਇਸ ‘ਤੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਕਰਨਗੇ। ਅਜਿਹਾ ਕਰਨਾ ਮੰਦਭਾਗਾ ਹੈ।
ਦਸ ਦਇਏ ਕਿ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਨੇ ਵਿਧਾਨ ਸਭਾ ਵਿੱਚ ਕਿਹਾ ਕਿ ਗੁਆਂਢੀ ਸੂਬਿਆਂ ਤੋਂ ਨੌਜਵਾਨ ਹਿਮਾਚਲ ਆ ਰਹੇ ਹਨ ਅਤੇ ਇੱਥੇ ਹੰਗਾਮਾ ਕਰ ਰਹੇ ਹਨ। ਉਹ ਆਪਣੇ ਵਾਹਨਾਂ ‘ਤੇ ਭਿੰਡਰਾਂਵਾਲੇ ਦੇ ਪੋਸਟਰ ਲਗਾ ਕੇ ਉਸਦੇ ਸਨਮਾਨ ਵਿੱਚ ਗੱਲ ਕਰ ਰਹੇ ਹਨ। ਜਦੋਂ ਉਨ੍ਹਾਂ ਨੂੰ ਰੋਕਿਆ ਜਾ ਰਿਹਾ ਹੈ, ਤਾਂ ਉਹ ਕਾਨੂੰਨ ਵਿਵਸਥਾ ਦੀ ਉਲੰਘਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਹਿਮਾਚਲ ਤੋਂ ਆਉਣ ਵਾਲੀ ਬੱਸ ਨੂੰ ਪੰਜਾਬ ਵਿੱਚ ਰੋਕ ਕੇ ਉਸ ਉੱਤੇ ਭਿੰਡਰਾਂਵਾਲੇ ਦੀ ਫੋਟੋ ਲਗਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸੁੱਖੂ ਨੂੰ ਪੰਜਾਬ ਦੇ ਮੁੱਖ ਮੰਤਰੀ ਨਾਲ ਗੱਲ ਕਰਕੇ ਸਦਭਾਵਨਾਪੂਰਨ ਮਾਹੌਲ ਬਣਾਉਣ ਲਈ ਪਹਿਲ ਕਰਨੀ ਚਾਹੀਦੀ ਹੈ।