ਦੋਰਾਹਾ ਦੇ ਗੁਰੂ ਤੇਗ ਬਹਾਦਰ ਰੋਡ ‘ਤੇ ਇੱਕ ਖਾਲੀ ਪਲਾਟ ਵਿੱਚ ਬੰਬ ਵਰਗੀ ਵਸਤੂ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਜਿਸ ਕਾਰਨ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ ‘ਤੇ ਪਹੁੰਚ ਗਈ ਅਤੇ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੋਰਾਹਾ ਪੁਲਸ ਸਟੇਸ਼ਨ ਦੇ ਐੱਸ.ਐੱਚ.ਓ. ਰਾਓ ਵਰਿੰਦਰ ਸਿੰਘ ਨੇ ਕਿਹਾ ਕਿ ਜਿਸ ਖਾਲੀ ਪਲਾਟ ਤੋਂ ਇਹ ਵਸਤੂ ਮਿਲੀ ਹੈ, ਉਸਦੇ ਨੇੜੇ ਇੱਕ ਫੌਜੀ ਕੈਂਪ ਹੈ। ਇੱਥੇ ਫੌਜੀ ਸਿਖਲਾਈ ਕੈਂਪ ਲਗਾਏ ਜਾਂਦੇ ਹਨ। ਪਹਿਲੀ ਨਜ਼ਰ ਤੋਂ ਲੱਗਦਾ ਹੈ ਕਿ ਇਹ ਵਸਤੂ ਬੰਬ ਵਰਗੀ ਨਹੀਂ ਹੈ। ਇਹ ਲੋਹੇ ਵਰਗੀ ਲੱਗਦੀ ਹੈ। ਕਿਸੇ ਭਾਰੀ ਵਾਹਨ ਦਾ ਹਿੱਸਾ ਲੱਗਦਾ ਹੈ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ ਹੈ। ਉਹ ਜਾਂਚ ਕਰਨਗੇ ਕਿ ਇਹ ਚੀਜ਼ ਕੀ ਹੈ ?
ਪੁਲਸ ਨੇ ਦੱਸਿਆ ਕਿ ਇਹ ਪਤਾ ਲਗਾਉਣ ਲਈ ਨੇੜਲੇ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਚੀਜ਼ ਪਲਾਟ ‘ਚ ਇੱਥੇ ਕਿਵੇਂ ਆਈ। ਜੇਕਰ ਇਹ ਸਾਬਿਤ ਹੋ ਜਾਂਦਾ ਹੈ ਕਿ ਕਿਸੇ ਨੇ ਸਨਸਨੀ ਫੈਲਾਉਣ ਦੇ ਇਰਾਦੇ ਨਾਲ ਇਹ ਚੀਜ਼ ਸੁੱਟੀ ਹੈ ਤਾਂ ਉਸਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।