ਮੋਹਾਲੀ, 03 ਫ਼ਰਵਰੀ (ਹਿੰ. ਸ.)। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਬਲੋ ਮਾਜਰਾ ਕਬੱਡੀ ਕੱਪ ਦਾ ਰਸਮੀ ਪੋਸਟਰ ਜਾਰੀ ਕੀਤਾ। ਉਨ੍ਹਾਂ ਨੇ ਕਬੱਡੀ ਨੂੰ ਪੰਜਾਬ ਦੀ ਸ਼ਾਨ ਅਤੇ ਮਾਂ ਖੇਡ ਦੱਸਦਿਆਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਇਸ ਖੇਡ ਨੂੰ ਵਿਸ਼ਵ ਪੱਧਰ ’ਤੇ ਲਿਜਾਣ ਲਈ ਬੇਹੱਦ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। ਸੁਖਬੀਰ ਬਾਦਲ ਨੇ ਆਖਿਆ ਕਿ ਅਕਾਲੀ-ਭਾਜਪਾ ਸਰਕਾਰ ਦੇ ਦੌਰਾਨ ਪੰਜਾਬ ਵਿੱਚ ਵਿਸ਼ਵ ਕੱਪ ਕਬੱਡੀ ਦੇ ਵੱਡੇ ਟੂਰਨਾਮੈਂਟ ਕਰਵਾਏ ਗਏ ਸਨ, ਜਿੰਨਾਂ ਦੀ ਮਦਦ ਨਾਲ ਪੰਜਾਬ ਦੀ ਮਿੱਟੀ ਨਾਲ ਜੁੜੀ ਇਹ ਖੇਡ ਦੁਨੀਆ ਭਰ ਵਿੱਚ ਮਸ਼ਹੂਰ ਹੋਈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਵਰਤਮਾਨ ਸਰਕਾਰ ਨੇ ਕਬੱਡੀ ਖੇਡ ਦੀ ਬੇਹੱਦ ਅਣਦੇਖੀ ਕੀਤੀ ਹੈ, ਜਿਸ ਕਰਕੇ ਕਈ ਉੱਚ ਪੱਧਰੀ ਮੈਚ ਅਤੇ ਲੀਗ ਬੰਦ ਹੋ ਗਈਆਂ ਹਨ।ਉਨ੍ਹਾਂ ਨੇ ਆਉਣ ਵਾਲੇ ਬਲੋ ਮਾਜਰਾ ਕਬੱਡੀ ਕੱਪ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਪੰਜਾਬੀ ਨੌਜਵਾਨਾਂ ਲਈ ਇੱਕ ਵਧੀਆ ਮੰਚ ਹੋਵੇਗਾ, ਜਿੱਥੇ ਉਹ ਆਪਣੀ ਖੇਡ ਦੀ ਕਾਬਲੀਅਤ ਵਿਖਾ ਸਕਣਗੇ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਟੂਰਨਾਮੈਂਟ ਕਰਵਾਉਣ ਦਾ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਅਤੇ ਖੇਡਾਂ ਵਲ ਪ੍ਰੇਰਿਤ ਕਰਨਾ ਹੈ। ਉਹਨਾਂ ਇਹ ਕੱਪ ਕਰਵਾਉਣ ਵਾਲੇ ਆਯੋਜਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੋਰ ਉਹਨਾਂ ਨੂੰ ਵੀ ਇਸ ਵਾਸਤੇ ਅੱਗੇ ਆਉਣਾ ਚਾਹੀਦਾ ਹੈ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਹਾਲੀ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ, ਤਜਿੰਦਰ ਸਿੰਘ ਮਿੱਡੂ ਖੇੜਾ (ਮੀਤ ਪ੍ਰਧਾਨ ਕਬੱਡੀ ਐਸੋਸੀਏਸ਼ਨ) ,ਸੁਖਵਿੰਦਰ ਸਿੰਘ ਛਿੰਦੀ ਅਤੇ ਹੋਰ ਕਈ ਆਯੋਜਕ ਹਾਜ਼ਰ ਰਹੇ। ਉਨ੍ਹਾਂ ਨੇ ਵੀ ਕਬੱਡੀ ਖੇਡ ਦੇ ਵਿਕਾਸ ਲਈ ਆਪਣੀਆਂ ਗੱਲਾਂ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਸਾਂਝੀਆਂ ਕੀਤੀਆਂ।ਸੁਖਬੀਰ ਬਾਦਲ ਨੇ ਇਹ ਵੀ ਆਖਿਆ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚ ਮੁੜ ਸਰਕਾਰ ਬਣਾਉਂਦਾ ਹੈ, ਤਾਂ ਵਿਸ਼ਵ ਕੱਪ ਕਬੱਡੀ ਵਰਗੀਆਂ ਇਵੈਂਟਸ ਮੁੜ ਸ਼ੁਰੂ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਕਬੱਡੀ ਵਲ ਵਧਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਖੇਡ ਸਾਡੀ ਸੱਭਿਆਚਾਰਕ ਵਿਰਾਸਤ ਹੈ ਅਤੇ ਇਸਦਾ ਪ੍ਰਚਾਰ-ਪਸਾਰ ਜ਼ਰੂਰੀ ਹੈ।
ਹਿੰਦੂਸਥਾਨ ਸਮਾਚਾਰ