ਬ੍ਰੈਂਪਟਨ, 31 ਜਨਵਰੀ (ਹਿੰ.ਸ.)। ਕੈਨੇਡਾ ਦੇ ਬ੍ਰੈਂਪਟਨ ਸ਼ਹਿਰ ਦੇ ਮਕਾਨ ਮਾਲਕਾਂ ਨੂੰ ਹੁਣ ਭੀੜ-ਭੜੱਕੇ ਵਾਲੇ ਕਿਰਾਏ ਦੇ ਮਕਾਨਾਂ ਜਾਂ ਬੇਸਮੈਂਟਾਂ ਵਿਚ ਬਹੁਤ ਜ਼ਿਆਦਾ ਲੋਕਾਂ ਨੂੰ ਰੱਖਣ ’ਤੇ 1,000 ਡਾਲਰ ਤੱਕ ਦਾ ਜੁਰਮਾਨਾ ਲਗਾਇਆ ਜਾਵੇਗਾ। ਸਿਟੀ ਵਲੋਂ ਜਾਰੀ 311 ਨੰਬਰ ’ਤੇ ਸ਼ਿਕਾਇਤਾਂ ਦਰਜ ਕਰਾਈਆਂ ਜਾ ਸਕਦੀਆਂ ਹਨ। ਨਵੇਂ, ਮਹਿੰਗੇ ਜੁਰਮਾਨੇ ਬ੍ਰੈਂਪਟਨ ਦੇ ਜਾਇਦਾਦ ਦੇ ਮਿਆਰਾਂ ਅਤੇ ਗੈਰ-ਪਾਰਕਿੰਗ ਜੁਰਮਾਨਾ ਉਪ-ਨਿਯਮਾਂ ਦੇ ਅਪਡੇਟਾਂ ਦਾ ਹਿੱਸਾ ਹਨ, ਜਿਨ੍ਹਾਂ ਦਾ ਉਦੇਸ਼ ਸ਼ਹਿਰ ਭਰ ਵਿੱਚ ‘ਭੀੜ’ ਅਤੇ ‘ਬਹੁਤ ਜ਼ਿਆਦਾ ਸਬ-ਲੇਟਿੰਗ’ ਦੇ ਮਾਮਲਿਆਂ ਨੂੰ ਘਟਾਉਣਾ ਹੈ।
ਇਸ ਦੇ ਲਾਗੂ ਹੋਣ ਨਾਲ ਸਿਰਫ ਕਿਰਾਏ ’ਤੇ ਦਿੱਤੀ ਪ੍ਰਾਪਰਟੀ ਲੀਜ਼ ਵਿਚ ਸ਼ਾਮਲ ਲੋਕ ਰਹਿ ਸਕਦੇ ਹਨ। ਲੀਜ਼ ਕੀਤੇ ਘਰ ਜਾਂ ਬੈਸੇਮੈਂਟ ਨੂੰ ਸਬ ਲੀਜ ਨਹੀਂ ਕਰ ਸਕਦੇ। ਸਿਟੀ ਵੱਲੋਂ ਵਿਭਾਗ ਦੇ ਲੋਕ ਸ਼ਿਕਾਇਤ ਹੋਣ ’ਤੇ ਕਿਸੇ ਸਮੇਂ ਵੀ ਛਾਪਾ ਮਾਰ ਸਕਦੇ ਹਨ। ਬੀਤੇ ਸਮੇਂ ’ਚ ਮਕਾਨ ਮਾਲਕਾਂ ਅਤੇ ਕਿਰਾਏਦਾਰਾਂ ਵੱਲੋਂ ਵੱਡੀ ਗਿਣਤੀ ’ਚ ਇਸਦੀ ਨਾਜਾਇਜ਼ ਦੁਰਵਰਤੋਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ।
ਹਿੰਦੂਸਥਾਨ ਸਮਾਚਾਰ