ਬਟਾਲਾ, 27 ਜਨਵਰੀ (ਹਿੰ. ਸ.)। ਬਟਾਲਾ ਦੇ ਨੌਜਵਾਨ ਵਿਧਾਇਕ ਅਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਕੌਂਸਲਰ ਵਿਜੈ ਥਾਪਰ ਆਪਣੇ ਸਾਥੀਆਂ ਸਮੇਤ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਪੰਜਾਬ ਦੇ ਕਾਰਜਕਾਰੀ ਪ੍ਰਧਾਨ, ਸ਼ੈਰੀ ਕਲਸੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਪ ਪਾਰਟੀ ਵਿੱਚ ਸ਼ਾਮਲ ਹੋਏ ਕੌਂਸਲਰ ਵਿਜੈ ਥਾਪਰ ਸਮੇਤ ਸਮੁੱਚੀ ਟੀਮ ਦਾ ਸਵਾਗਤ ਕਰਦਿਆਂ ਕਿਹਾ ਕਿ ਪਾਰਟੀ ਵਿੱਚ ਉਨਾਂ ਦਾ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ ਤੇ ਲੋਕ ਹਿੱਤ ਲਈ ਵਿਕਾਸ ਕਾਰਜ ਤੇਜ਼ਗਤੀ ਨਾਲ ਕਰਵਾਏ ਜਾਣਗੇ। ਉਨਾਂ ਕਿਹਾ ਕਿ ਆਪ ਪਾਰਟੀ ਦੀ ਨੀਤੀਆਂ ਅਤੇ ਬਟਾਲਾ ਵਿੱਚ ਕਰਵਾਏ ਜਾ ਰਹੇ ਚਹੁਪੱਖੀ ਵਿਕਾਸ ਕਾਰਜਾਂ ਤੋਂ ਖੁਸ਼ ਹੋ ਕੇ ਲੋਕ ਆਪ ਪਾਰਟੀ ਨਾਲ ਜੁੜ ਰਹੇ ਹਨ, ਜਿਸ ਨਾਲ ਪਾਰਟੀ ਦਾ ਕਾਫਲਾ ਦਿਨੋ-ਦਿਨ ਵੱਡਾ ਹੋ ਰਿਹਾ ਹੈ।ਵਿਧਾਇਕ ਸ਼ੈਰੀ ਕਲਸੀ ਨੇ ਵਿਧਾਨ ਸਭਾ ਹਲਕਾ ਬਟਾਲਾ ਦੇ ਵਿਕਾਸ ਕਾਰਜਾਂ ਖਾਸਕਰਕੇ ਸ਼ਹਿਰ ਬਟਾਲਾ ਦੀ ਗੱਲ ਕਰਦਿਆਂ ਕਿਹਾ ਕਿ ਸ਼ਹਿਰ ਵਿੱਚ ਕਰਵਾਏ ਗਏ ਵੱਖ-ਵੱਖ ਵਿਕਾਸ ਕਾਰਜ ਨਜ਼ਰ ਆ ਰਹੇ ਹਨ। ਬਟਾਲਾ ਵਿਖੇ ਕਰਵਾਏ ਵਿਕਾਸ ਕਾਰਜਾਂ ਦੀ ਜ਼ਿਕਰ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਮਹਿਜ ਪੌਣੇ ਕੁ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਬਟਾਲਾ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਜਿਵੇਂ ਕਾਦੀਆਂ ਰੋਡ, ਕਾਹਨੂੰਵਾਨ ਚੌਂਕ, ਜਲੰਧਰ ਰੋਡ ਤੇ ਸ਼ਹਿਰ ਵਿਚਲਾ ਬਟਾਲਾ-ਅੰਮ੍ਰਿਤਸਰ ਰੋਡ ਚੌੜੀਆਂ ਕਰਨ ਦੇ ਨਾਲ ਸ਼ਹਿਰ ਦੇ ਚੌਂਕਾਂ ਨੂੰ ਚੋੜਿਆਂ ਕੀਤਿਆ ਗਿਆ ਹੈ। ਉਸਮਾਨਪੁਰ ਸਿਟੀ ਨੇੜੇ ਸ਼ਹੀਦ ਭਗਤ ਸਿੰਘ ਚੋਂਕ, ਪੁਰਾਣਾ ਅੰਮ੍ਰਿਤਸਰ-ਬਟਾਲਾ ਬਾਈਪਾਸ ਵਿਖੇ ਮਹਾਰਾਜਾ ਅਗਰਸੈਨ ਚੌਂਕ ਬਣਾਉਣ ਤੋਂ ਇਲਾਵਾ ਸੁੱਖਾ ਸਿੰਘ-ਮਹਿਤਾਬ ਸਿੰਘ ਚੌਂਕ ਨੂੰ ਨਵੀਂ ਦਿੱਖ ਦਿੱਤੀ ਜਾ ਰਹੀ ਹੈ ਅਤੇ ਓਥੇ ਵੱਡ ਅਕਾਰੀ ਕਲਾਕ ਟਾਵਰ ਲਗਾਇਆ ਜਾਵੇਗਾ।ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਦੱਸਿਆ ਕਿ ਲੋਕਾਂ ਨੂੰ ਇੱਕ ਛੱਤ ਹੇਠ ਵੱਖ-ਵੱਖ ਸਰਕਾਰੀ ਸਹੂਲਤਾਂ ਦੇਣ ਦੇ ਮੰਤਵ ਨਾਲ ਨਵਾਂ ਤਹਿਸੀਲ ਕੰਪੈਲਕਸ ਉਸਾਰਿਆ ਜਾ ਰਿਹਾ ਹੈ, ਜੋ ਜਲਦ ਲੋਕਾਂ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ। ਸ਼ਹਿਰ ਵਿੱਚ ਨਵੇਂ ਐਂਟਰੀ ਗੇਟ ਬਣਾਏ ਜਾ ਰਹੇ ਹਨ। ਵਿਦਿਆਰਥੀਆਂ ਨੂੰ ਹੋਰ ਬਿਹਤਰ ਸਿੱਖਿਆਂ ਮੁਹੱਈਆ ਕਰਵਾਉਣ ਦੇ ਨਾਲ ਸਕੂਲ ਆਫ ਐੱਮੀਨੈੱਸ ਉਸਾਰਿਆ ਜਾ ਰਿਹਾ ਹੈ। ਲੋਕਾਂ ਨੂੰ ਹੋਰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਸਿਹਤ ਕੇਂਦਰ ਖੋਲ੍ਹੇ ਗਏ ਹਨ, ਜੋ ਸਫਲਤਾਪੂਰਵਕ ਚੱਲ ਰਹੇ ਹਨ।ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਦੱਸਿਆ ਕਿ ਦਾਣਾ ਮੰਡੀ ਬਟਾਲਾ ਵਿਖੇ ਦੁਕਾਨਦਾਰਾਂ ਤੇ ਆੜ੍ਹਤੀਆਂ ਦੀਆਂ ਸਹੂਲਤ ਲਈ 1.5 ਕਰੋੜ ਦੀ ਲਾਗਤ ਨਾਲ ਮੰਡੀ ਸ਼ੈੱਡ ਉਸਾਰਿਆ ਗਿਆ ਅਤੇ ਕਰੀਬ 6.86 ਕਰੋੜ ਰੁਪਏ ਕੱਚੇ ਕੋਠਿਆਂ ਲਈ ਵੰਡੇ ਗਏ ਹਨ। ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਕਿਹਾ ਕਿ ਬਿਨਾਂ ਪੱਖਪਾਤ ਤੋਂ ਹਰ ਵਰਗ ਦੀ ਭਲਾਈ ਲਈ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਦੁਹਰਾਇਆ ਕਿ ਉਹ ਬਟਾਲਾ ਹਲਕੇ ਦੇ ਸ਼ਹਿਰੀ ਤੇ ਦਿਹਾਤੀ ਖੇਤਰ ਦੇ ਸਰਬਪੱਖੀ ਵਿਕਾਸ ਲਈ, ਉਹ ਵਚਨਬੱਧ ਹਨ ਅਤੇ ਵਿਕਾਸ ਕਾਰਜਾਂ ਵਿੱਚ ਕੋਈ ਕਸਰ ਬਾਕੀਂ ਨਹੀਂ ਛੱਡੀ ਜਾਵੇਗੀ।ਇਸ ਮੌਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਨੇ ਕਿਹਾ ਕਿ ਵਿਧਾਇਕ ਸ਼ੈਰੀ ਕਲਸੀ ਦੀ ਅਗਵਾਈ ਹੇਠ ਇਤਿਹਾਸਕ ਤੇ ਧਾਰਮਿਕ ਸ਼ਹਿਰ ਬਟਾਲਾ ਅੰਦਰ ਚਹੁਪੱਖੀ ਵਿਕਾਸ ਕੰਮ ਕੀਤੇ ਜਾ ਰਹੇ ਹਨ ਅਤੇ ਉਹ ਸ਼ੈਰੀ ਕਲਸੀ ਦੀ ਕਾਰਜਸ਼ੈਲੀ ਅਤੇ ਆਮ ਆਦਮੀ ਪਾਰਟੀ ਦੀਆਂ ਲੋਕਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਹੀ ਆਪ ਪਾਰਟੀ ਵਿੱਚ ਸ਼ਾਮਲ ਹੋਏ ਹਨ।
ਹਿੰਦੂਸਥਾਨ ਸਮਾਚਾਰ