ਨਵੀਂ ਦਿੱਲੀ, 25 ਜਨਵਰੀ (ਹਿੰ.ਸ.)। ਸਿਆਸੀ ਜੀਵਨ ਤੋਂ ਸੰਨਿਆਸ ਲੈਣ ਦਾ ਐਲਾਨ ਕਰਨ ਤੋਂ ਇਕ ਦਿਨ ਬਾਅਦ ਸ਼ਨੀਵਾਰ ਨੂੰ ਵਾਈਐਸਆਰਸੀਪੀ ਨੇਤਾ ਵੀ ਵਿਜੇਸਾਈ ਰੈੱਡੀ ਨੇ
ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਰੈੱਡੀ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ‘ਚ ਲਿਖਿਆ, ”ਮੈਂ ਕਿਸੇ ਸਿਆਸੀ ਪਾਰਟੀ ‘ਚ ਸ਼ਾਮਲ ਨਹੀਂ ਹੋ ਰਿਹਾ ਹਾਂ। ਮੈਂ ਕਿਸੇ ਸਿਆਸੀ ਲਾਭ, ਅਹੁਦੇ ਜਾਂ ਵਿੱਤੀ ਲਾਭ ਲਈ ਅਸਤੀਫਾ ਨਹੀਂ ਦਿੱਤਾ ਹੈ। ਇਹ ਮੇਰਾ ਪੂਰੀ ਤਰ੍ਹਾਂ ਨਿੱਜੀ ਫੈਸਲਾ ਹੈ। ਇਸ ਦੇ ਲਈ ਮੇਰੇ ‘ਤੇ ਕਿਸੇ ਦਾ ਕੋਈ ਦਬਾਅ ਜਾਂ ਪ੍ਰਭਾਵ ਨਹੀਂ ਹੈ।’’
ਰੈੱਡੀ ਨੇ ਲਿਖਿਆ ਕਿ ਉਨ੍ਹਾਂ ‘ਤੇ ਭਰੋਸਾ ਕਰਨ ਲਈ ਉਹ ਵਾਈਐਸਆਰਸੀਪੀ ਪਰਿਵਾਰ ਦੇ ਰਿਣੀ ਹਨ। ਵਿਜੇਸਾਈ ਨੇ ਸਾਬਕਾ ਮੁੱਖ ਮੰਤਰੀ ਜਗਨ ਮੋਹਨ ਰੈਡੀ ਦੀ ਵੀ ਤਾਰੀਫ ਕੀਤੀ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਦੋਵਾਂ ਨੇਤਾਵਾਂ ਨੇ ਉਨ੍ਹਾਂ ਨੂੰ 9 ਸਾਲਾਂ ਤੱਕ ਸੰਸਦ ਵਿੱਚ ਭਰਪੂਰ ਮੌਕੇ ਦਿੱਤੇ, ਜਿਸ ਕਾਰਨ ਉਹ ਤੇਲਗੂ ਬੋਲਣ ਵਾਲੇ ਰਾਜ ਵਿੱਚ ਜਾਣੇ ਜਾਂਦੇ ਹਨ। ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਹੁਣ ਖੇਤੀ ਵੱਲ ਧਿਆਨ ਦੇਣਗੇ।
ਰੈੱਡੀ ਨੂੰ ਵਾਈਐਸਆਰਸੀਪੀ ਮੁਖੀ ਅਤੇ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਦਾ ਕਰੀਬੀ ਮੰਨਿਆ ਜਾਂਦਾ ਹੈ। ਵਿਜੇਸਾਈ ਨੇ ਪਾਰਟੀ ਦੇ ਜਨਰਲ ਸਕੱਤਰ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਹੈ। ਵਿਜੇਸਾਈ ਪਾਰਟੀ ਦੇ ਗਠਨ ਤੋਂ ਬਾਅਦ ਵਾਈਐਸਆਰਸੀਪੀ ਨਾਲ ਜੁੜੇ ਰਹੇ ਅਤੇ ਇਸ ਦੌਰਾਨ ਉਹ ਕਈ ਅਹੁਦਿਆਂ ‘ਤੇ ਰਹੇ ਹਨ।
ਹਿੰਦੂਸਥਾਨ ਸਮਾਚਾਰ