ਚੰਡੀਗੜ੍ਹ, 25 ਜਨਵਰੀ (ਹਿੰ. ਸ.)। ਡੀ.ਜੀ.ਪੀ. ਪੰਜਾਬ ਨੇ ਟਵੀਟ ’ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਕ ਵੱਡੀ ਸਫ਼ਲਤਾ ਵਿਚ, ਐਂਟੀ-ਗੈਂਗਸਟਰ ਟਾਸਕ ਫੋਰਸ, ਪੰਜਾਬ ਐਸ.ਏ.ਐਸ. ਨਗਰ ਪੁਲਿਸ ਨਾਲ ਸਾਂਝੇ ਅਭਿਆਨ ਵਿਚ, ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਗੈਂਗ ਦੇ ਇਕ ਸਾਥੀ ਮਹਿਫੂਜ ਉਰਫ਼ ਵਿਸ਼ਾਲ ਖਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿਸ਼ਾਲ ਸਤੰਬਰ 2024 ਵਿਚ ਡੇਰਾ ਬੱਸੀ ਵਿਚ ਇਕ ਕੋਚਿੰਗ ਸੈਂਟਰ ਵਿਚ ਹੋਈ ਗੋਲੀਬਾਰੀ ਦੀ ਘਟਨਾ ਦਾ ਮਾਸਟਰਮਾਈਂਡ ਸੀ ਅਤੇ ਉਦੋਂ ਤੋਂ ਫ਼ਰਾਰ ਸੀ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਟਰਾਈਸਿਟੀ ਵਿਚ ਅਪਰਾਧ ਕਰਨ ਦੀ ਯੋਜਨਾ ਬਣਾ ਰਿਹਾ ਸੀ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦਾ ਪਹਿਲਾਂ ਅਪਰਾਧਿਕ ਇਤਿਹਾਸ ਹੈ ਅਤੇ 2023 ਤੋਂ, ਉਹ ਵਿਦੇਸ਼ੀ ਅੱਤਵਾਦੀ ਗੋਲਡੀ ਬਰਾੜ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਿਹਾ ਹੈ। ਉਸ ਨੇ ਗੈਂਗਸਟਰ ਜੋਗਿੰਦਰ ਉਰਫ ਜੋਗਾ ਤੋਂ ਹਥਿਆਰਾਂ ਦੀ ਖੇਪ ਇਕੱਠੀ ਕੀਤੀ ਸੀ, ਜਿਸ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਸ਼ਾਮਿਲ ਲੋਕਾਂ ਨੂੰ ਹਥਿਆਰ ਅਤੇ ਲੌਜਿਸਟਿਕਲ ਸਹਾਇਤਾ ਪ੍ਰਦਾਨ ਕੀਤੀ ਸੀ ਅਤੇ ਉਸ ਕੇਸ ਦੇ ਸੰਬੰਧ ਵਿਚ ਉਸ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਉਸ ਪਾਸੋਂ ਇਕ ਪਿਸਤੌਲ ਅਤੇ ਪੰਜ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।
ਹਿੰਦੂਸਥਾਨ ਸਮਾਚਾਰ