ਮੋਹਾਲੀ, 22 ਜਨਵਰੀ (ਹਿੰ. ਸ.)। ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਪੱਤਰ ਲਿਖ ਕੇ ਫੇਜ਼ 3ਬੀ2 ਦੀ ਮਾਰਕੀਟ ਨੂੰ ਵਿਸ਼ੇਸ਼ ਮਾਰਕੀਟ ਦਾ ਦਰਜਾ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਮਾਰਕੀਟ ਮੋਹਾਲੀ ਦੇ ਡਾਊਨਟਾਊਨ ਦੇ ਰੂਪ ਵਿੱਚ ਜਾਣੀ ਜਾਂਦੀ ਹੈ ਅਤੇ ਇਸਨੂੰ ਚੰਡੀਗੜ੍ਹ ਦੇ ਸੈਕਟਰ 17 ਵਾਲੇ ਪੈਟਰਨ ‘ਤੇ ਵਿਕਸਿਤ ਕਰਨਾ ਮੋਹਾਲੀ ਦੀ ਆਰਥਿਕ ਅਤੇ ਸਾਂਸਕ੍ਰਿਤਿਕ ਗਤੀਵਿਧੀਆਂ ਨੂੰ ਨਵੀਂ ਰਫਤਾਰ ਦੇਵੇਗਾ।ਡਿਪਟੀ ਮੇਅਰ ਨੇ ਪੱਤਰ ਵਿੱਚ ਇਸ ਮਾਰਕੀਟ ਦੀ ਸੁੰਦਰਤਾ ਅਤੇ ਵਿਸ਼ੇਸ਼ਤਾ ਵਧਾਉਣ ਲਈ ਕੁਝ ਮਹੱਤਵਪੂਰਨ ਸੁਝਾਅ ਦਿੱਤੇ ਹਨ। ਇਹਨਾਂ ਵਿੱਚ ਵਨ-ਵੇ ਟ੍ਰੈਫਿਕ ਪ੍ਰਬੰਧਨ ਦੇ ਤਹਿਤ ਮਾਰਕੀਟ ਦੀਆਂ ਪਿਛਲੀ ਸੜਕਾਂ ਨੂੰ ਵਨ-ਵੇ ਕੀਤੇ ਜਾਣ, ਮਾਰਕੀਟ ਵਿੱਚ ਬਿਜਲੀ ਦੀਆਂ ਤਾਰਾਂ ਨੂੰ ਅੰਡਰਗਰਾਊਂਡ ਕਰਨ, ਫੁਹਾਰੇ, ਉੱਚ ਗੁਣਵੱਤਾ ਵਾਲੀਆਂ ਲਾਈਟਾਂ ਅਤੇ ਸੁੰਦਰ ਡਿਜ਼ਾਈਨਿੰਗ ਨਾਲ ਮਾਰਕੀਟ ਦੀ ਸ਼ਾਨ ਵਧਾਉਣ, ਪਾਰਕਿੰਗ ਵਿੱਚ ਸੁਧਾਰ ਲਈ ਦੋ ਪਹੀਆ ਵਾਹਨਾਂ ਵਾਸਤੇ ਵੱਖਰੀ ਪਾਰਕਿੰਗ ਦੀ ਵਿਵਸਥਾ ਕਰਨ, ਗੰਦਗੀ ਦੇ ਪ੍ਰਬੰਧ ਵਾਸਤੇ ਮਾਰਕੀਟ ਵਿੱਚ ਡਸਟਬਿਨ ਲਗਾਏ ਜਾਣ, ਮਾਰਕੀਟ ਦੇ ਇਲਾਕੇ ‘ਚੋਂ ਨਜਾਇਜ਼ ਕਬਜ਼ੇ ਦੂਰ ਕਰਕੇ ਖੁੱਲ੍ਹੇ ਸਥਾਨਾਂ ਦੀ ਵਰਤੋਂ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਨਾਲ ਡਿਪਟੀ ਮੇਅਰ ਨੇ ਇਹ ਵੀ ਮੰਗ ਕੀਤੀ ਹੈ ਕਿ ਇੱਥੇ ਵਧੀਆ ਢੰਗ ਨਾਲ ਮਾਡਰਨ ਬਾਥਰੂਮਾਂ ਦੀ ਉਸਾਰੀ ਕੀਤੀ ਜਾਵੇ। ਉਹਨਾਂ ਇਹ ਵੀ ਮੰਗ ਕੀਤੀ ਹੈ ਕਿ ਇੱਥੇ ਪੁਲਿਸ ਬੀਟ ਬਾਕਸ ਵਾਸਤੇ ਵੀ ਥਾਂ ਰਾਖਵੀਂ ਕੀਤੀ ਜਾਵੇ ਤਾਂ ਜੋ ਅਮਨ ਕਾਨੂੰਨ ਦੀ ਸਥਿਤੀ ਕਾਇਮ ਰਹਿ ਸਕੇ।ਕੁਲਜੀਤ ਸਿੰਘ ਬੇਦੀ ਨੇ ਆਮ ਲੋਕਾਂ ਲਈ ਸਹੂਲਤਾਂ ਦੀ ਮੰਗ ਕਰਦਿਆਂ ਕਿਹਾ ਕਿ ਮਾਰਕੀਟ ਵਿੱਚ ਆਮ ਲੋਕਾਂ ਲਈ ਐਂਟਰੀ ਸੌਖੀ ਬਣਾਉਣ ਲਈ ਇਸਨੂੰ ਵੱਖ-ਵੱਖ ਬਲਾਕਾਂ ਵਿੱਚ ਵੰਡਿਆ ਜਾਵੇ। ਉਨ੍ਹਾਂ ਕਿਹਾ ਕਿ ਮੌਜੂਦਾ ਪਾਰਕਿੰਗ ਦੀ ਸਮੱਸਿਆ ਨੇ ਲੋਕਾਂ ਲਈ ਪਰੇਸ਼ਾਨੀ ਪੈਦਾ ਕੀਤੀ ਹੈ। ਇਸ ਲਈ, ਨਵੀਆਂ ਪਾਰਕਿੰਗ ਦੀਆਂ ਥਾਵਾਂ ਬਣਾਉਣੀਆਂ ਜਰੂਰੀ ਹਨਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਫੇਜ਼ 3ਬੀ2 ਦੀ ਮਾਰਕੀਟ ਨੂੰ ਮਾਡਲ ਮਾਰਕੀਟ ਦੇ ਤੌਰ ‘ਤੇ ਤਿਆਰ ਕਰਨ ਨਾਲ ਨਾ ਸਿਰਫ ਮੋਹਾਲੀ ਦੀ ਸੁੰਦਰਤਾ ਵਧੇਗੀ, ਸਗੋਂ ਇਸਦੀ ਆਰਥਿਕਤਾ ‘ਤੇ ਵੀ ਚੰਗੇ ਪ੍ਰਭਾਵ ਪੈਣਗੇ। ਉਨ੍ਹਾਂ ਗਮਾਡਾ ਤੋਂ ਇਸ ਪ੍ਰਸਤਾਵ ਨੂੰ ਜਲਦ ਪ੍ਰਵਾਨਗੀ ਦੇਣ ਦੀ ਮੰਗ ਕੀਤੀ ਹੈ।
ਹਿੰਦੂਸਥਾਨ ਸਮਾਚਾਰ