ਮਾਸਕੋ, 21 ਜਨਵਰੀ (ਹਿੰ.ਸ.)। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਸ਼ੁਭਕਾਮਨਾਵਾਂ ਦਿੱਤੀਆਂ। ਟਰੰਪ ਨੂੰ ਵ੍ਹਾਈਟ ਹਾਊਸ ‘ਚ ਦੂਜੀ ਵਾਰ ਵਾਪਸੀ ‘ਤੇ ਵਧਾਈ ਦਿੰਦੇ ਹੋਏ ਪੁਤਿਨ ਨੇ ਕਿਹਾ ਕਿ ਉਹ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਵਿਸ਼ਵ ਮੁੱਦਿਆਂ ‘ਤੇ ਚਰਚਾ ਕਰਨ ਲਈ ਤਿਆਰ ਹਨ।
ਪੁਤਿਨ ਨੇ ਟੈਲੀਵਿਜ਼ਨ ’ਤੇ ਦਿੱਤੇ ਗਏ ਆਪਣੇ ਬਿਆਨ ’ਚ ਟਰੰਪ ਨੂੰ ਉਨ੍ਹਾਂ ਦੇ ਆਗਾਮੀ ਸਹੁੰ ਚੁੱਕਣ ਸਮਾਗਮ ‘ਤੇ ਵਧਾਈ ਦਿੰਦੇ ਹੋਏ ਆਪਣੇ ਸੰਦੇਸ਼ ’ਚ ਕਿਹਾ, “ਅਸੀਂ ਦੋਵਾਂ ਦੇਸ਼ਾਂ ਦੇ ਹਿੱਤਾਂ ਵਿਚ ਸਹਿਯੋਗ ਵਧਾਉਣ ਅਤੇ ਵਿਸ਼ਵ ਸਥਿਰਤਾ ਲਈ ਮਿਲ ਕੇ ਕੰਮ ਕਰਨ ਦੀ ਉਮੀਦ ਕਰਦੇ ਹਾਂ।” ਉਨ੍ਹਾਂ ਨੇ ਇਹ ਵੀ ਕਿਹਾ ਕਿ ਰੂਸ ਯੂਕ੍ਰੇਨ ਵਿੱਚ ਸਥਾਈ ਸ਼ਾਂਤੀ ਦਾ ਸਮਰਥਨ ਕਰਦਾ ਹੈ ਅਤੇ ਇਸ ਪ੍ਰਤੀ ਕੂਟਨੀਤਕ ਯਤਨਾਂ ਨੂੰ ਪਹਿਲ ਦੇਵੇਗਾ।
ਰੂਸੀ ਰਾਸ਼ਟਰਪਤੀ ਨੇ ਕਿਹਾ ਕਿ “ਅਸੀਂ ਯੂਕ੍ਰੇਨੀ ਸੰਘਰਸ਼ ‘ਤੇ ਨਵੇਂ ਅਮਰੀਕੀ ਪ੍ਰਸ਼ਾਸਨ ਨਾਲ ਗੱਲਬਾਤ ਲਈ ਤਿਆਰ ਹਾਂ। ਸਾਰੇ ਲੋਕਾਂ ਦੇ ਜਾਇਜ਼ ਹਿੱਤਾਂ ਦੇ ਸਨਮਾਨ ਦੇ ਆਧਾਰ ‘ਤੇ ਸਥਾਈ ਸ਼ਾਂਤੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ।”
ਦਰਅਸਲ ਟਰੰਪ ਨੇ ਪਹਿਲਾਂ ਕਿਹਾ ਸੀ ਕਿ ਅਹੁਦਾ ਸੰਭਾਲਣ ਤੋਂ ਬਾਅਦ ਉਹ ਰੂਸ-ਯੂਕ੍ਰੇਨ ਵਿਚ ਚੱਲ ਰਹੇ ਸੰਘਰਸ਼ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨਗੇ। ਹਾਲਾਂਕਿ, ਉਨ੍ਹਾਂ ਨੇ ਯੂਕ੍ਰੇਨ ਯੁੱਧ ਨੂੰ ਖਤਮ ਕਰਨ ਦੀਆਂ ਯੋਜਨਾਵਾਂ ਦਾ ਖੁਲਾਸਾ ਨਹੀਂ ਕੀਤਾ ਸੀ।
ਹਿੰਦੂਸਥਾਨ ਸਮਾਚਾਰ