ਨਵੀਂ ਦਿੱਲੀ, 17 ਜਨਵਰੀ (ਹਿੰ.ਸ.)। ਭਾਰਤੀ ਜਨਤਾ ਪਾਰਟੀ ਨੇ ਆਉਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ ਆਪਣੇ ਸੰਕਲਪ ਪੱਤਰ ਪਹਿਲਾ ਭਾਗ ਜਾਰੀ ਕੀਤਾ। ਇਸ ਵਿੱਚ ਔਰਤਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਗਿਆ ਹੈ।
ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨੇ ਸ਼ੁੱਕਰਵਾਰ ਨੂੰ ਪਾਰਟੀ ਦੇ ਪ੍ਰਦੇਸ਼ ਦਫਤਰ ‘ਚ ਸੰਕਲਪ ਪੱਤਰ ਨਾਲ ਸੰਬੰਧਿਤ ਐਲਾਨ ਕਰਦੇ ਹੋਏ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਰਾਜਾਂ ‘ਚ ਮਹਿਲਾ ਸਸ਼ਕਤੀਕਰਨ ਦਾ ਇੱਕ ਟ੍ਰੈਕ ਰਿਕਾਰਡ ਰਿਹਾ ਹੈ। ਇਸ ਰਿਕਾਰਡ ਨੂੰ ਜਾਰੀ ਰੱਖਦੇ ਹੋਏ ਅਸੀਂ ਦਿੱਲੀ ਦੀਆਂ ਔਰਤਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਦੇਣ ਦਾ ਸੰਕਲਪ ਕਰਦੇ ਹਾਂ। ਇਸ ਤੋਂ ਇਲਾਵਾ ਦਿੱਲੀ ਦੇ ਗਰੀਬ ਪਰਿਵਾਰਾਂ ਨੂੰ ਹਰੇਕ ਸਿਲੰਡਰ ‘ਤੇ 500 ਰੁਪਏ ਦੀ ਛੋਟ ਦਿੱਤੀ ਜਾਵੇਗੀ। ਹੋਲੀ ਅਤੇ ਦੀਵਾਲੀ ਦੇ ਤਿਉਹਾਰਾਂ ‘ਤੇ ਹਰੇਕ ਪਰਿਵਾਰ ਨੂੰ ਇੱਕ ਰਸੋਈ ਦਾ ਸਿਲੰਡਰ ਮੁਫਤ ਦਿੱਤਾ ਜਾਵੇਗਾ। ਰਾਜਧਾਨੀ ਦੀਆਂ ਝੁੱਗੀਆਂ ਬਸਤੀਆਂ ਵਿੱਚ ਅਟਲ ਕੰਟੀਨ ਖੋਲ੍ਹੀ ਜਾਵੇਗੀ, ਜਿੱਥੇ ਪੰਜ ਰੁਪਏ ’ਚ ਢਿੱਡ ਭਰ ਖਾਣਾ ਮਿਲੇਗਾ।
ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਭਾਜਪਾ ਦੀ ਸਰਕਾਰ ਬਣਨ ’ਤੇ ਇਸਨੂੰ ਪਹਿਲੀ ਕੈਬਨਿਟ ’ਚ ਮਨਜ਼ੂਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕੇਂਦਰ ਸਰਕਾਰ ਦੀ ਆਯੂਸ਼ਮਾਨ ਯੋਜਨਾ ਤਹਿਤ 5 ਲੱਖ ਦਾ ਬੀਮਾ ਅਤੇ ਰਾਜ ਸਰਕਾਰ ਵੱਲੋਂ ਇਸ ’ਚ 5 ਲੱਖ ਰੁਪਏ ਹੋਰ ਦਿੱਤੇ ਜਾਣਗੇ।
ਹਿੰਦੂਸਥਾਨ ਸਮਾਚਾਰ