ਖਨੌਰੀ, 17 ਜਨਵਰੀ (ਹਿੰ. ਸ.)। ਪੰਜਾਬ ਅਤੇ ਹਰਿਆਣਾ ਦੀ ਖਨੌਰੀ ਸਰਹੱਦ ਵਿਖੇ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ ਸ਼ੁੱਕਰਵਾਰ ਨੂੰ 53ਵੇਂ ਦਿਨ ‘ਚ ਦਾਖਲ ਹੋ ਗਿਆ ਹੈ। ਡੱਲੇਵਾਲ ਦਾ ਭਾਰ 20 ਕਿਲੋ ਘਟ ਗਿਆ ਹੈ। ਜਦੋਂ ਉਹ ਮਰਨ ਵਰਤ ‘ਤੇ ਬੈਠੇ ਸਨ ਤਾਂ ਉਨ੍ਹਾਂ ਦਾ ਭਾਰ 86 ਕਿਲੋ 950 ਗ੍ਰਾਮ ਸੀ, ਜਦੋਂ ਕਿ ਹੁਣ ਇਹ ਘਟ ਕੇ 66 ਕਿਲੋ 400 ਗ੍ਰਾਮ ਰਹਿ ਗਿਆ ਹੈ। ਇਸ ਦੇ ਨਾਲ ਹੀ ਡੱਲੇਵਾਲ ਦੇ ਹੱਕ ਵਿੱਚ ਖਨੌਰੀ ਸਰਹੱਦ ’ਤੇ 111 ਵਿਅਕਤੀਆਂ ਵੱਲੋਂ ਸ਼ੁਰੂ ਕੀਤਾ ਗਿਆ ਮਰਨ ਵਰਤ ਤੀਜੇ ਦਿਨ ਵਿੱਚ ਦਾਖ਼ਲ ਹੋ ਗਿਆ ਹੈ।ਇਸੇ ਦੌਰਾਨ ਬੀਤੇ ਦਿਨੀ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਸ਼ੰਭੂ ਸਰਹੱਦ ’ਤੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਉਹ 21 ਜਨਵਰੀ ਨੂੰ ਦਿੱਲੀ ਵੱਲ ਮਾਰਚ ਕਰਨਗੇ। ਜਥੇ ਵਿੱਚ 101 ਕਿਸਾਨ ਸ਼ਾਮਲ ਹੋਣਗੇ। ਕੇਂਦਰ ਸਰਕਾਰ ਅਜੇ ਗੱਲਬਾਤ ਲਈ ਤਿਆਰ ਨਹੀਂ ਹੈ, ਇਸ ਲਈ ਅਸੀਂ ਅੰਦੋਲਨ ਹੋਰ ਤੇਜ਼ ਕਰਾਂਗੇ।
ਹਿੰਦੂਸਥਾਨ ਸਮਾਚਾਰ