ਲੁਧਿਆਣਾ, 17 ਜਨਵਰੀ (ਹਿੰ. ਸ.)। ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ ਬੀਤੀ ਰਾਤ ਸਿਲੰਡਰ ਫਟ ਗਿਆ। ਧਮਾਕੇ ਨਾਲ ਸਾਰਾ ਇਲਾਕਾ ਦਹਿਲ ਉਠਿਆ। ਲੋਕਾਂ ਦੀਆਂ ਚੀਕਾਂ ਸੁਣਕੇ ਆਸਪਾਸ ਦੇ ਲੋਕ ਇਕੱਠੇ ਹੋਏ। ਝੁਲਸੇ ਪਤੀ-ਪਤਨੀ ਅਤੇ ਉਹਨਾਂ ਦੇ ਦੋਵੇਂ ਬੱਚਿਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਝੁਲਸੇ ਹੋਏ ਲੋਕਾਂ ਦੀ ਗੰਭੀਰ ਹਾਲਤ ਦੇਖਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ। ਜਾਣਕਾਰੀ ਦਿੰਦਿਆਂ ਲਲਿਤਾ ਦੇਵੀ ਨੇ ਦੱਸਿਆ ਕਿ ਉਨ੍ਹਾਂ ਦਾ ਗੁਆਂਢੀ ਕ੍ਰਿਸ਼ਨਾ ਪੰਡਿਤ ਛੋਟਾ ਸਿਲੰਡਰ ਬਾਹਰੋਂ ਭਰਵਾਕੇ ਲੈ ਕੇ ਆਇਆ ਸੀ। ਉਸ ਦੀ ਪਤਨੀ ਸੀਮਾ ਜਿਵੇਂ ਹੀ ਖਾਣਾ ਬਣਾਉਣ ਲਈ ਚੂਲ੍ਹਾ ਜਲਾਉਣ ਲੱਗੀ ਤਾਂ ਅਚਾਨਕ ਕਮਰੇ ਵਿੱਚ ਅੱਗ ਲੱਗ ਗਈ।ਅਚਾਨਕ ਸਿਲੰਡਰ ਵਿੱਚ ਧਮਾਕਾ ਹੋ ਗਿਆ। ਕਮਰੇ ’ਚੋਂ ਆ ਰਹੀਆਂ ਚੀਕਾਂ ਸੁਣਕੇ ਆਸਪਾਸ ਦੇ ਲੋਕ ਵੀ ਇਕੱਠੇ ਹੋਏ। ਲੋਕਾਂ ਦੀ ਮਦਦ ਨਾਲ ਸਿਲੰਡਰ ਵਿੱਚ ਲੱਗੀ ਅੱਗ ਨੂੰ ਬੁਝਾਇਆ ਗਿਆ। ਕਮਰੇ ਦਾ ਸਾਰਾ ਸਮਾਨ ਸੜ ਕੇ ਰਾਖ ਹੋ ਗਿਆ। ਝੁਲਸੇ ਹੋਏ ਲੋਕਾਂ ਦੀ ਪਛਾਣ ਕ੍ਰਿਸ਼ਨਾ ਪੰਡਿਤ, ਸੀਮਾ ਦੇਵੀ, ਸ਼ਿਵਮ ਅਤੇ ਸ਼ਿਵਾਨੀ ਵਜੋਂ ਹੋਈ ਹੈ। ਕ੍ਰਿਸ਼ਨਾ ਅਤੇ ਸੀਮਾ ਦਾ ਚਿਹਰਾ ਬੁਰੀ ਤਰ੍ਹਾਂ ਸੜ ਗਿਆ ਹੈ ਜਦਕਿ ਬੱਚੇ ਸ਼ਿਵਮ ਅਤੇ ਸ਼ਿਵਾਨੀ ਦੇ ਬਾਂਹਾਂ ਅਤੇ ਚਿਹਰੇ ਸੜ ਗਏ ਹਨ। ਪੂਰਾ ਪਰਿਵਾਰ ਲਗਭਗ 60 ਫੀਸਦੀ ਝੁਲਸਿਆ ਹੋਇਆ ਹੈ। ਜ਼ਖਮੀਆਂ ਦੀ ਗੰਭੀਰ ਹਾਲਤ ਦੇਖਦੇ ਹੋਏ ਉਨ੍ਹਾਂ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ