ਦੇਵਜੀਤ ਸੈਕੀਆ ਅਤੇ ਪ੍ਰਭਤੇਜ ਸਿੰਘ ਭਾਟੀਆ ਨੂੰ BCCI ਦੇ ਸਕੱਤਰ ਅਤੇ ਖ਼ਜ਼ਾਨਚੀ ਵਜੋਂ ਚੁਣਿਆ ਗਿਆ। ਤੁਹਾਨੂੰ ਦੱਸਦਈਏ ਕਿ ਸ਼ਾਹ ਅਤੇ ਆਸ਼ੀਸ਼ ਸ਼ੇਲਾਰ ਦੇ ਅਸਤੀਫ਼ਾ ਦੇਣ ਤੋਂ ਬਾਅਦ ਇਹ ਦੋਵੇਂ ਅਹੁਦੇ ਖ਼ਾਲੀ ਪਏ ਸਨ। ਜਿਸ ਤੋਂ ਬਾਅਦ ਬੀਤੇ ਐਤਵਾਰ ਨੂੰ ਵਿਸ਼ੇਸ਼ ਆਮ ਮੀਟਿੰਗ (SGM) ਹੋਈ। ਜਿਹਦੇ ‘ਚ ਸੈਕੀਆ ਅਤੇ ਭਾਟੀਆ ਨੂੰ ਬਿਨਾਂ ਮੁਕਾਬਲਾ ਚੁਣਿਆ ਗਿਆ ਕਿਉਂਕਿ ਉਹ ਇਨ੍ਹਾਂ ਖ਼ਾਲੀ ਅਸਾਮੀਆਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਵਾਲੇ ਇਕੱਲੇ ਉਮੀਦਵਾਰ ਸਨ।
ਪਿਛਲੇ ਮਹੀਨੇ ਆਈਸੀਸੀ ਚੇਅਰਮੈਨ ਬਣਨ ਤੋਂ ਬਾਅਦ ਸ਼ਾਹ ਨੂੰ ਸਕੱਤਰ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ, ਜਦੋਂ ਕਿ ਸ਼ੈਲਰ ਨੇ ਮਹਾਰਾਸ਼ਟਰ ਸਰਕਾਰ ਵਿੱਚ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਬੀਸੀਸੀਆਈ ਖ਼ਜ਼ਾਨਚੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਸੈਕੀਆ ਅਸਾਮ ਤੋਂ ਹੈ ਅਤੇ ਭਾਟੀਆ ਛੱਤੀਸਗੜ੍ਹ ਤੋਂ ਹੈ। 1 ਦਸੰਬਰ ਨੂੰ ਸ਼ਾਹ ਦੇ ਆਈਸੀਸੀ ਚੇਅਰਮੈਨ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਸੈਕੀਆ ਸਕੱਤਰ ਵਜੋਂ ਵਾਧੂ ਡਿਊਟੀਆਂ ਨਿਭਾ ਰਹੇ ਸਨ।