ਨਵਾਂਸ਼ਹਿਰ 11 ਜਨਵਰੀ (ਹਿੰ. ਸ.)। ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਵਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ (ਪਾਕਿ:) ਦੇ ਦਰਸ਼ਨਾਂ ਲਈ ਵਿਨੋਦ ਕੁਮਾਰ ਸੇਵਾਮੁਕਤ ਡੀ ਐੱਸ ਪੀ ਦੀ ਅਗਵਾਈ ਹੇਠ ਭੇਜਿਆ ਗਿਆ 55 ਮੈਂਬਰਾਂ ਦਾ 52ਵਾਂ ਜੱਥਾ ਦਰਸ਼ਨ ਦੀਦਾਰ ਕਰਕੇ ਦੇਰ ਰਾਤ ਵਾਪਿਸ ਪਰਤ ਆਇਆ। ਇਹ ਜਾਣਕਾਰੀ ਦਿੰਦਿਆਂ ਹੋਇਆ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਕੜਾਕੇ ਦੀ ਸਰਦੀ ਦੇ ਬਾਵਜੂਦ ਸੰਗਤਾਂ ਵਿਚ ਇਸ ਪਾਵਨ ਅਸਥਾਨ ਦੇ ਦਰਸ਼ਨਾਂ ਲਈ ਭਾਰੀ ਉਤਸ਼ਾਹ ਸੀ। ਨਵਾਂਸ਼ਹਿਰ ਤੋਂ ਜੱਥੇ ਦੇ ਚਲਣ ਦਾ ਸਮਾਂ ਭਾਵੇਂ ਸਵੇਰੇ ਚਾਰ ਵਜੇ ਦਾ ਦਿੱਤਾ ਜਾਂਦਾ ਹੈ ਮਗਰ ਸੰਗਤਾਂ ਸਰਦੀ ਦੀ ਪ੍ਰਵਾਹ ਨਾ ਕਰਦੇ ਹੋਏ ਸਾਢੇ ਤਿੰਨ ਵਜੇ ਤੱਕ ਹੀ ਸੁਸਾਇਟੀ ਦਫਤਰ ਪਹੁੰਚ ਜਾਂਦੀਆਂ ਹਨ ਅਤੇ ਉਨਾਂ ਦੇ ਚਿਹਰਿਆਂ ਤੇ ਦਰਸ਼ਨਾਂ ਲਈ ਖੁਸ਼ੀ ਅਤੇ ਉਤਸ਼ਾਹ ਸਾਫ ਦੇਖਣ ਨੂੰ ਮਿਲਦਾ ਹੈ। ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭੇਜਿਆ ਜਾਣ ਵਾਲਾ ਜਨਵਰੀ ਮਹੀਨੇ ਦਾ ਇਹ ਪਹਿਲਾ ਅਤੇ ਕੁਲ ਮਿਲਾ ਕੇ 52ਵਾਂ ਜੱਥਾ ਸੀ ਜਿਸ ਵਿਚ 55 ਸ਼ਰਧਾਲੂਆਂ ਨੇ ਇਸ ਪਾਵਨ ਅਸਥਾਨ ਦੇ ਦਰਸ਼ਨ ਕੀਤੇ । ਇਸ ਤੋਂ ਇਲਾਵਾ ਇਸ ਮਹੀਨੇ ਦੇ ਦੌਰਾਨ ਹੋਰ ਸੱਜਣ ਵੀ ਸੁਸਾਇਟੀ ਤੋਂ ਰਜਿਸਟ੍ਰੇਸ਼ਨ ਕਰਵਾ ਕੇ ਆਪਣੇ ਨਿੱਜੀ ਵਾਹਨਾਂ ਰਾਹੀਂ ਦਰਸ਼ਨਾਂ ਲਈ ਲਗਾਤਾਰ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਨਿਰੰਤਰ ਜਾ ਰਹੇ ਹਨ। ਉਨਾਂ ਦੱਸਿਆ ਕਿ ਬੀਤੇ ਦਿਨ ਕਰਤਾਰਪੁਰ ਸਾਹਿਬ ਜੀ ਦੀ ਯਾਤਰਾ ਲਈ ਗਿਆ ਜਥਾ ਗੁਰਦੁਆਰਾ ਬਾਬਾ ਬਕਾਲਾ ਦੇ ਦਰਸ਼ਨ ਕਰਨ ਉਪਰੰਤ ਡੇਰਾ ਬਾਬਾ ਨਾਨਕ ਟਰਮੀਨਲ ਰਾਹੀਂ ਬਾਰਡਰ ਕਰਾਸ ਕਰਕੇ ਪਾਕਿਸਤਾਨ ਵਿਖੇ ਦਾਖਲ ਹੋਇਆ। ਸਮੂਹ ਜਥੇ ਦੇ ਮੈਂਬਰ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਯਾਦ ਵਿਚ ਬਣੇ ਗੁਰਦੁਆਰਾ ਅੰਗੀਠਾ ਸਾਹਿਬ, ਗੁਰਦੁਆਰਾ ਮਜਾਰ ਸਾਹਿਬ, ਖੂਹ ਸਾਹਿਬ ਅਤੇ ਖੇਤੀ ਸਾਹਿਬ ਦੇ ਦਰਸ਼ਨ ਕੀਤੇ। ਗੁਰਦੁਆਰਾ ਦਰਬਾਰ ਸਾਹਿਬ ਦੇ ਲੰਗਰ ਹਾਲ ਵਿਖੇ ਵੀ ਜਥੇ ਦੇ ਮੈਂਬਰਾਂ ਵਲੋਂ ਸੇਵਾ ਕੀਤੀ ਗਈ ਅਤੇ ਸ਼ਰਧਾ ਸਹਿਤ ਲੰਗਰ ਵੀ ਛਕਿਆ ਗਿਆ। ਇਸ ਮੌਕੇ ਸੁਰਜੀਤ ਸਿੰਘ ਹੁਣਾਂ ਨੇ ਇਹ ਵੀ ਦੱਸਿਆ ਕਿ ਜਥੇ ਦੇ ਮੈਂਬਰਾਂ ਲਈ ਹਰ ਯਾਤਰਾ ਦੌਰਾਨ ਸਵੇਰ ਦੇ ਨਾਸ਼ਤੇ ਅਤੇ ਰਾਤ ਦੇ ਖਾਣੇ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾਂਦੇ ਹਨ । ਇਸ ਜੱਥੇ ਵਿਚ ਨਵਾਂਸ਼ਹਿਰ, ਬੰਗਾ, ਸਲੋਹ, ਬੀਰੋਵਾਲ, ਗਹੂੰਣ, ਬਸਿਆਲਾ, ਭਾਰਟਾ ਖੁਰਦ ਕਰਿਆਮ, ਲਧਾਣਾ ਉੱਚਾ, ਲੰਗੜੋਆ, ਭਾਰਟਾ ਖੁਰਦ, ਸੁਜੋਵਾਲ, ਮਹਿੰਦਪੁਰ, ਸੰਧਵਾਂ, ਪਲਾਹੀ ਅਤੇ ਆਸ ਪਾਸ ਦੇ ਪਿੰਡਾਂ ਤੋਂ ਵੀ ਸੰਗਤਾਂ ਸ਼ਾਮਲ ਸਨ। ਸੁਰਜੀਤ ਸਿੰਘ ਹੁਣਾਂ ਨੇ ਦੱਸਿਆ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਇਸ ਮਹੀਨੇ ਦਾ ਦੂਸਰਾ ਜਥਾ 24 ਜਨਵਰੀ ਨੂੰ ਭੇਜਿਆ ਜਾਵੇਗਾ।
ਹਿੰਦੂਸਥਾਨ ਸਮਾਚਾਰ