ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਦੀ ਪ੍ਰਵਾਨਗੀ ਨੂੰ ਲੈ ਕੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ‘ਚ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਗਿਆ ਅਤੇ ਉਹ ਅਸਤੀਫ਼ਾ ਪ੍ਰਵਾਨ ਕਰਨ ਫ਼ੈਸਲੇ ਦਾ ਸਵਾਗਤ ਕਰਦੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆਦੇਸ਼ ਦਿੱਤੇ ਹਨ। ਉਸ ਦੇ ਮੁਤਾਬਕ, ਉਨ੍ਹਾਂ ਨੂੰ ਅੱਗੇ ਵਧਣਾ ਚਾਹੀਦਾ ਹੈ ਅਤੇ 7 ਮੈਂਬਰੀ ਕਮੇਟੀ ਨੂੰ ਕਾਰਜਸ਼ੀਲ ਕਰਨਾ ਚਾਹੀਦਾ ਹੈ। 7 ਮੈਂਬਰੀ ਕਮੇਟੀ ਵੀ ਉਨ੍ਹਾਂ ਦਾ ਹੀ ਹਿੱਸਾ ਹੈ। ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ 2 ਦਸੰਬਰ ਨੂੰ 7 ਮੈਂਬਰੀ ਕਮੇਟੀ ਬਣਾਈ ਗਈ ਸੀ, ਜਿਸ ਦਾ ਮੁਖੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਬਣਾਇਆ ਗਿਆ ਸੀ। ਬੀਤੇ ਦਿਨ ਮੀਟਿੰਗ ‘ਚ ਅਸਤੀਫ਼ਾ ਮਨਜ਼ੂਰ ਕੀਤਾ ਗਿਆ ਪਰ ਕਮੇਟੀ ਨੇ 7 ਮੈਂਬਰੀ ਕਮੇਟੀ ਦਾ ਜ਼ਿਕਰ ਨਹੀਂ ਕੀਤਾ ਪਰ ਉਹ ਅੱਜ ਵੀ ਕਾਇਮ ਹੈ। ਇਸ ਦੌਰਾਨ ਗਿਆਨੀ ਰਘਬੀਰ ਸਿੰਘ ਵਲੋਂ ਇਹ ਸਾਫ਼ ਕਰ ਦਿਤਾ ਗਿਆ ਕਿ 7 ਮੈਂਬਰੀ ਕਮੇਟੀ ਰੱਦ ਨਹੀਂ ਹੋਈ ਅਤੇ ਉਹ ਵੀ ਮੁੱਖ ਭੁਮਿਕਾ ‘ਚ ਹੈ।