ਚੰਡੀਗੜ੍ਹ, 11 ਜਨਵਰੀ (ਹਿੰ. ਸ.)। ਪੰਜਾਬ ਵਿਧਾਨ ਸਭਾ ਦੀ ਪ੍ਰੈਸ ਗੈਲਰੀ ਕਮੇਟੀ ਦੀਆਂ ਸਲਾਨਾ ਚੋਣਾਂ ਵਿੱਚ ਅਸ਼ਵਨੀ ਚਾਵਲਾ ਨੂੰ ਪ੍ਰੈਸ ਗੈਲਰੀ ਕਮੇਟੀ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਚੋਣਾਂ ਦੌਰਾਨ ਸਮੂਹ ਪੱਤਰਕਾਰ ਮੈਂਬਰਾਂ ਨੇ ਅਸ਼ਵਨੀ ਚਾਵਲਾ (ਸੱਚ ਕਹੂੰ) ਦੇ ਨਾਂ ‘ਤੇ ਆਪਣੀ ਸਹਿਮਤੀ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਪ੍ਰਧਾਨ ਦੇ ਅਹੁਦੇ ਲਈ ਬਿਨਾਂ ਮੁਕਾਬਲਾ ਚੁਣਨ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਅਸ਼ਵਨੀ ਚਾਵਲਾ ਨੂੰ ਸਰਬਸੰਮਤੀ ਨਾਲ ਪ੍ਰੈਸ ਗੈਲਰੀ ਕਮੇਟੀ 2025 ਦਾ ਪ੍ਰਧਾਨ ਐਲਾਨਿਆ ਗਿਆ।ਇਸ ਤੋਂ ਬਾਅਦ ਪ੍ਰੈਸ ਗੈਲਰੀ ਕਮੇਟੀ ਦੇ ਉਪ ਪ੍ਰਧਾਨ ਦੀ ਚੋਣ ਲਈ ਅਮਿਤ ਪਾਂਡੇ ਅਤੇ ਜਨਰਲ ਸਕੱਤਰ ਵਜੋਂ ਦੀਪਕ ਸ਼ਰਮਾ ਦੇ ਨਾਂ ਪੇਸ਼ ਕੀਤੇ ਗਏ ਜਿਸ ਦੌਰਾਨ ਮੈਂਬਰਾਂ ਨੇ ਇਸ ਚੋਣ ਵਿੱਚ ਅਮਿਤ ਪਾਂਡੇ ਅਤੇ ਦੀਪਕ ਸ਼ਰਮਾ ਨੂੰ ਵੀ ਬਿਨਾਂ ਮੁਕਾਬਲਾ ਚੁਣੇ ਜਾਣ ਦਾ ਐਲਾਨ ਕੀਤਾ ਗਿਆ ਕਿਉਂਕਿ ਇਨ੍ਹਾਂ ਦੋਵਾਂ ਅਹੁਦਿਆਂ ਲਈ ਦੋਵਾਂ ਉਮੀਦਵਾਰਾਂ ਦੇ ਸਾਹਮਣੇ ਹੋਰ ਕੋਈ ਵੀ ਮੈਂਬਰ ਚੋਣ ਲੜਨ ਲਈ ਅੱਗੇ ਨਹੀਂ ਆਇਆ। ਪ੍ਰੈਸ ਗੈਲਰੀ ਕਮੇਟੀ ਦੇ ਪੱਤਰਕਾਰ ਮੈਂਬਰਾਂ ਦੀ ਹਾਜ਼ਰੀ ਵਿੱਚ ਇਨ੍ਹਾਂ ਦੋਵਾਂ ਅਹੁਦਿਆਂ ’ਤੇ ਅਮਿਤ ਪਾਂਡੇ ਨੂੰ ਉਪ ਪ੍ਰਧਾਨ ਅਤੇ ਦੀਪਕ ਸ਼ਰਮਾ ਨੂੰ ਸਕੱਤਰ ਜਨਰਲ ਲਈ ਸਰਬਸੰਮਤੀ ਨਾਲ ਐਲਾਨਿਆ ਗਿਆ।ਵਿਧਾਨ ਸਭਾ ਦੀ ਪ੍ਰੈਸ ਗੈਲਰੀ ਕਮੇਟੀ ਪੱਤਰਕਾਰਾਂ ਨੂੰ ਦਰਪੇਸ਼ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਅਤੇ ਉਨ੍ਹਾਂ ਦੀ ਸਹੂਲਤ ਲਈ ਵਿਧਾਨ ਸਭਾ ਦੇ ਸਪੀਕਰ ਨੂੰ ਸਲਾਹ ਦਿੰਦੀ ਹੈ। ਪੱਤਰਕਾਰਾਂ ਦੀ ਸਹੂਲਤ ਲਈ ਫੈਸਲੇ ਪ੍ਰੈਸ ਗੈਲਰੀ ਕਮੇਟੀ ਦੁਆਰਾ ਦਿੱਤੀ ਸਲਾਹ ‘ਤੇ ਵਿਧਾਨ ਸਭਾ ਦੇ ਸਪੀਕਰ ਦੁਆਰਾ ਲਏ ਜਾਂਦੇ ਹਨ।
ਹਿੰਦੂਸਥਾਨ ਸਮਾਚਾਰ