ਅਮ੍ਰਿਤਸਰ ਵਿੱਚ ਇੱਕ ਵਾਰ ਫਿਰ ਤੋਂ ਵੀਰਵਾਰ ਦੇਰ ਸ਼ਾਮ ਨੂੰ ਗੁਮਟਾਲਾ ਪੁਲਸ ਚੌਕੀ ਦੇ ਬਾਹਰ ਧਮਾਕਾ ਹੋਇਆ, ਜਿਸ ਨਾਲ ਦਹਿਸ਼ਤ ਫੈਲ ਗਈ। ਹਾਲਾਂਕਿ, ਪੁਲਸ ਨੇ ਵਿਸਫੋਟਕ ਸਮੱਗਰੀ ਕਾਰਨ ਕਿਸੇ ਵੀ ਧਮਾਕੇ ਤੋਂ ਇਨਕਾਰ ਕੀਤਾ ਹੈ।
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਇਹ ਸਪੱਸ਼ਟ ਤੌਰ ‘ਤੇ ਇੱਕ ਪੁਲਸ ਕਰਮਚਾਰੀ ਦੀ ਕਾਰ ਦੇ ਰੇਡੀਏਟਰ ਵਿੱਚ ਧਮਾਕਾ ਸੀ। “ਲੋਕਾਂ ਨੇ ਇਸਨੂੰ ਬੰਬ ਧਮਾਕਾ ਸਮਝ ਲਿਆ ਹੈ। ਜੋ ਕਿ ਸੱਚ ਨਹੀਂ ਹੈ।
ਏਸੀਪੀ (ਪੱਛਮੀ) ਸ਼ਿਵ ਦਰਸ਼ਨ ਸਿੰਘ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਜਦੋਂ ਇਹ ਘਟਨਾ ਰਾਤ 8 ਵਜੇ ਦੇ ਕਰੀਬ ਵਾਪਰੀ ਤਾਂ ਚੌਕੀ ਇੰਚਾਰਜ ਏਐਸਆਈ ਹਰਜਿੰਦਰ ਸਿੰਘ ਉੱਥੇ ਮੌਜੂਦ ਸਨ। ਜਾਂਚ ਦੌਰਾਨ, ਰੇਡੀਏਟਰ ਖਰਾਬ ਪਾਇਆ ਗਿਆ। ਸਾਹਮਣੇ ਵਾਲੀ ਵਿੰਡਸ਼ੀਲਡ ਵੀ ਖਰਾਬ ਹੋ ਗਈ। ਏਸੀਪੀ ਨੇ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਅਤੇ ਲੋਕਾਂ ਨੂੰ ਅਫਵਾਹਾਂ ਨਹੀਂ ਫੈਲਾਉਣੀਆਂ ਚਾਹੀਦੀਆਂ। ਪਿਛਲੇ ਡੇਢ ਮਹੀਨੇ ਵਿੱਚ ਪੰਜਾਬ ਦੇ ਕਿਸੇ ਪੁਲਸ ਅਦਾਰੇ ਵਿੱਚ ਇਹ ਨੌਵੀਂ ਅਜਿਹੀ ਘਟਨਾ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਦਿਹਾਤੀ ਤੇ ਸ਼ਹਿਰੀ ਖੇਤਰ ਵਿੱਚ ਪੁਲਸ ਚੌਂਕੀਆਂ ਤੇ ਥਾਣਿਆਂ ਦੇ ਬਾਹਰ ਅਜਿਹੇ ਧਮਾਕੇ ਹੋ ਚੁੱਕੇ ਹਨ। ਪੁਲਸ ਵੱਲੋਂ ਇਸ ਸਬੰਧ ਵਿੱਚ ਕੁਝ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਾ ਹੈ। ਪੰਜਾਬ ਵਿਚ 23 ਨਵੰਬਰ ਤੋਂ ਬਾਅਦ ਇਹ 9ਵਾਂ ਧਮਾਕਾ ਸੀ। ਪਾਕਿਸਤਾਨ ਅਧਾਰਿਤ ਆਈਐੱਸਆਈ ਦੀ ਹਮਾਇਤ ਵਾਲੀ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਹੈਂਡਲਰਾਂ ਅਤੇ ਸੰਚਾਲਕ ਹਰਪ੍ਰੀਤ ਸਿੰਘ ਹੈਪੀ ਪਾਸੀਆ, ਜੀਵਨ ਫੌਜੀ ਆਦਿ ਨੇ ਇਨ੍ਹਾਂ ਧਮਾਕਿਆਂ ਦੀ ਜ਼ਿੰਮੇਵਾਰੀ ਲਈ ਸੀ। ਪੁਲਸ ਨੇ ਇਨ੍ਹਾਂ ਮਾਮਲਿਆਂ ਵਿੱਚ ਪੰਜ ਦਹਿਸ਼ਤੀ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਸੀ।