New York News: ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਸ਼ ਮਨੀ ਮਾਮਲੇ ‘ਚ 10 ਜਨਵਰੀ ਨੂੰ ਅਦਾਲਤ ‘ਚ ਪੇਸ਼ ਹੋਣਾ ਪਵੇਗਾ। ਜਸਟਿਸ ਜੁਆਨ ਐੱਮ.ਮਾਰਚਨ ਨੇ ਇਸ ਮਾਮਲੇ ‘ਚ ਸਜ਼ਾ ਸੁਣਾਏ ਜਾਣ ਲਈ ਇਹ ਤਰੀਕ ਤੈਅ ਕੀਤੀ ਹੈ। ਅਦਾਲਤ ਨੇ ਸ਼ੁੱਕਰਵਾਰ ਨੂੰ ਟਰੰਪ ਨੂੰ ਇੱਕ ਪੋਰਨ ਸਟਾਰ ਨੂੰ ਚੁੱਪ ਰਹਿਣ ਲਈ ਪੈਸੇ ਦੇਣ ਦਾ ਦੋਸ਼ੀ ਠਹਿਰਾਇਆ।
ਦ ਨਿਊਯਾਰਕ ਟਾਈਮਜ਼ ਦੇ ਅਨੁਸਾਰ, ਜਸਟਿਸ ਜੁਆਨ ਐਮ. ਮਾਰਚਨ ਨੇ ਸੰਕੇਤ ਦਿੱਤਾ ਕਿ ਉਹ ਟਰੰਪ ਨੂੰ ਬਿਨਾਂ ਸ਼ਰਤ ਬਰੀ ਕਰਨ ਦੇ ਹੱਕ ਵਿੱਚ ਹਨ। ਸਜ਼ਾ ਸੁਣਾਉਣ ਦੀ ਤਰੀਕ ਤੈਅ ਕਰਦੇ ਹੋਏ ਉਨ੍ਹਾਂ ਨੇ ਟਰੰਪ ਨੂੰ ਵਿਅਕਤੀਗਤ ਤੌਰ ‘ਤੇ ਪੇਸ਼ ਹੋਣ ਦਾ ਹੁਕਮ ਦਿੱਤਾ। ਯਾਦ ਰਹੇ, ਨਵੇਂ ਚੁਣੇ ਗਏ ਰਾਸ਼ਟਰਪਤੀ ਟਰੰਪ 20 ਜਨਵਰੀ ਨੂੰ ਸਹੁੰ ਚੁੱਕਣਗੇ। ਕਾਨੂੰਨੀ ਮਾਹਿਰਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਸਜ਼ਾ ਮਿਲਣ ਦੀ ਸੰਭਾਵਨਾ ਨਹੀਂ ਹੈ।10 ਜਨਵਰੀ ਨੂੰ ਟਰੰਪ ਦੀ ਪੇਸ਼ੀ ਅਮਰੀਕਾ ਦੇ ਇਤਿਹਾਸ ਵਿੱਚ ਇੱਕ ਵੱਖਰਾ ਦ੍ਰਿਸ਼ ਸਿਰਜੇਗੀ। ਟਰੰਪ ਤੋਂ ਪਹਿਲਾਂ ਕਿਸੇ ਵੀ ਅਮਰੀਕੀ ਰਾਸ਼ਟਰਪਤੀ ਨੂੰ ਕਿਸੇ ਵੀ ਮਾਮਲੇ ਵਿੱਚ ਦੋਸ਼ੀ ਨਹੀਂ ਠਹਿਰਾਇਆ ਗਿਆ ਹੈ। ਉਨ੍ਹਾਂ ਨੂੰ ਸ਼ਰਮਨਾਕ ਅਪਰਾਧ ਦੇ ਦੋਸ਼ੀ ਵਜੋਂ ਅਦਾਲਤ ਵਿਚ ਪੇਸ਼ ਹੋਣਾ ਪਵੇਗਾ। ਉਹ ਪਹਿਲੇ ਵਿਅਕਤੀ ਹੋਣਗੇ ਜੋ ਇੱਕ ਦੋਸ਼ੀ ਵਜੋਂ ਰਾਸ਼ਟਰਪਤੀ ਦਾ ਅਹੁਦਾ ਸੰਭਾਲਣਗੇ। ਮੈਨਹੱਟਨ ਜਿਊਰੀ ਨੇ ਮਈ ਵਿੱਚ ਉਨ੍ਹਾਂ ਨੂੰ ਕਾਰੋਬਾਰੀ ਰਿਕਾਰਡਾਂ ’ਚ ਹੇਰਾਫੇਰੀ ਕਰਨ ਦੇ 34 ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਸੀ। ਜਸਟਿਸ ਮਰਚਨ ਨੇ ਸ਼ੁੱਕਰਵਾਰ ਨੂੰ ਜਿਊਰੀ ਦੇ ਫੈਸਲੇ ਨੂੰ ਉਲਟਾਉਣ ਤੋਂ ਇਨਕਾਰ ਕਰ ਦਿੱਤਾ, ਟਰੰਪ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਕਿ ਉਨ੍ਹਾਂ ਦੀ ਚੋਣ ਜਿੱਤ ਨਾਲ ਉਨ੍ਹਾਂ ਦੀ ਸਜ਼ਾ ਨੂੰ ਰੱਦ ਕਰ ਦੇਣਾ ਚਾਹੀਦਾ ਹੈ। ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸਪੱਸ਼ਟ ਹੈ ਕਿ ਅਦਾਲਤ ਨੇ ਉਨ੍ਹਾਂ ਨੂੰ ਬੇਦਾਗ ਅਕਸ ਦੇ ਨਾਲ ਵ੍ਹਾਈਟ ਹਾਊਸ ਪਰਤਣ ਦਾ ਮੌਕਾ ਦੇਣ ਤੋਂ ਇਨਕਾਰ ਕਰ ਦਿੱਤਾ।ਸਜ਼ਾ ਸੁਣਾਏ ਜਾਣ ਦੀ ਤਰੀਕ ਨੂੰ ਅੰਤਿਮ ਰੂਪ ਦਿੱਤੇ ਜਾਣ ਤੋਂ ਥੋੜ੍ਹੀ ਦੇਰ ਬਾਅਦ, ਟਰੰਪ ਦੇ ਬੁਲਾਰੇ ਸਟੀਵਨ ਚੇਂਗ ਨੇ ਕਿਹਾ ਕਿ ਚੁਣੇ ਗਏ ਰਾਸ਼ਟਰਪਤੀ ਨੂੰ ਮਹੱਤਵਪੂਰਨ ਫਰਜ਼ ਨਿਭਾਉਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੂੰ ਕੋਈ ਸਜ਼ਾ ਵੀ ਨਹੀਂ ਹੋਣੀ ਚਾਹੀਦੀ। ਮੈਨਹਟਨ ਡਿਸਟ੍ਰਿਕਟ ਅਟਾਰਨੀ ਦਫਤਰ (ਜਿਸ ਨੇ ਟਰੰਪ ‘ਤੇ ਮੁਕੱਦਮਾ ਚਲਾਇਆ) ਦੇ ਇੱਕ ਅਧਿਕਾਰੀ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਹਿੰਦੂਸਥਾਨ ਸਮਾਚਾਰ