ਲਾਲੜੂ, 01 ਜਨਵਰੀ (ਹਿੰ. ਸ.)। ਮਾਤਾ ਗੁੱਜਰ ਕੌਰ ਤੇ ਚਾਰ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਗੁਰੂ ਮਾਨਿਓ ਗ੍ਰੰਥ ਨਿਸ਼ਕਾਮ ਸੇਵਾ ਸੁਸਾਇਟੀ ਲਾਲੜੂ ਵਲੋਂ ਸਥਾਨਕ ਜਸ਼ਨ ਪੈਲੇਸ ਵਿਖੇ ਧਾਰਮਿਕ ਪ੍ਰੀਖਿਆ ਕਰਵਾਈ ਗਈ, ਜਿਸ ਵਿੱਚ ਪਹਿਲੀ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ 419 ਬੱਚਿਆਂ ਨੇ ਹਿੱਸਾ ਲਿਆ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਕੁਲਦੀਪ ਸਿੰਘ ਸਰਸੀਣੀ ਨੇ ਕਿਹਾ ਕਿ ਇਹ ਉਨ੍ਹਾਂ ਦੀ ਸੁਸਾਇਟੀ ਵਲੋਂ ਨੌਜਵਾਨ ਪੀੜੀ ਨੂੰ ਸਿੱਖੀ ਨਾਲ ਜੋੜਨ ਦਾ ਇਕ ਉਪਰਾਲਾ ਹੈ, ਜਿਸ ਦੇ ਨਾਲ ਬੱਚੇ-ਬੱਚੀਆਂ ਗੁਰਬਾਣੀ ਤੇ ਗੁਰੂ ਇਤਿਹਾਸ ਨਾਲ ਜੁੜ ਸਕਣ। ਉਨ੍ਹਾਂ ਕਿਹਾ ਕਿ ਸੁਸਾਇਟੀ ਵਲੋਂ ਪਹਿਲਾਂ ਵੀ ਇਲਾਕੇ ਵਿੱਚ ਧਾਰਮਿਕ ਪ੍ਰੋਗਰਾਮ ਕਰਵਾਏ ਗਏ ਹਨ ਤੇ ਹੁਣ ਵੀ ਹਰ ਹਫਤੇ ਇਲਾਕੇ ਦੇ ਪਿੰਡ-ਪਿੰਡ ਗੁਰੂ ਘਰ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਫਾਈ ਦੀ ਸੇਵਾ ਅਰੰਭੀ ਹੋਈ ਹੈ, ਜਿਸ ਵਿੱਚ ਸੁਸਾਇਟੀ ਦੇ ਸਾਰੇ ਮੈਂਬਰ ਤੇ ਅਹੁਦੇਦਾਰ ਨਿਸ਼ਕਾਮ ਸੇਵਾ ਨਿਭਾ ਰਹੇ ਹਨ।ਉਨ੍ਹਾਂ ਕਿਹਾ ਕਿ ਸੁਸਾਇਟੀ ਵੱਲੋਂ ਧਾਰਮਿਕ ਪ੍ਰੀਖਿਆ ਲਈ ਗਈ ਹੈ, ਜਿਸ ਵਿੱਚ ਇਲਾਕੇ ਦੇ ਪ੍ਰੀਖਿਆ ਦੇਣ ਆਏ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਵੱਡਾ ਉਤਸ਼ਾਹ ਸੀ। ਉਨ੍ਹਾਂ ਕਿਹਾ ਕਿ ਸੁਸਾਇਟੀ ਵੱਲੋਂ ਲੋੜਵੰਦ ਲੜਕੀਆਂ ਦੇ ਵਿਆਹ ਸਮੇਤ ਹੋਰ ਸਮਾਜਿਕ ਕੰਮ ਵੀ ਕੀਤੇ ਜਾ ਰਹੇ ਹਨ ਤਾਂ ਜੋ ਲੋੜਵੰਦਾਂ ਦੀ ਮਦਦ ਹੋ ਸਕੇ। ਸਮਾਗਮ ਦੇ ਅੰਤ ਵਿੱਚ ਪਹਿਲੀ ਜਮਾਤ ਤੋਂ 6ਵੀ ਜਮਾਤ (ਪਹਿਲੇ ਦਰਜੇ) ਵਿੱਚ ਭਾਗ ਲੈਣ ਵਾਲੇ ਬੱਚਿਆਂ ਵਿੱਚ ਅਰਸ਼ਪ੍ਰੀਤ ਕੌਰ ਪੁੱਤਰੀ ਗੁਰਜੀਤ ਸਿੰਘ, ਨਵਨੀਤ ਕੌਰ ਪੁੱਤਰੀ ਅਮਰਜੀਤ ਸਿੰਘ, ਨਵਤੇਜ ਸਿੰਘ ਪੁੱਤਰ ਮਨਦੀਪ ਸਿੰਘ ਨੇ ਪਹਿਲਾ, ਜਦਕਿ ਹਰਸਿਮਰਤ ਕੌਰ, ਜੈਸਮੀਨ ਕੌਰ ਪੁੱਤਰੀ ਅਤਿੰਦਰਪਾਲ ਸਿੰਘ, ਕ੍ਰਿਤਿਕਾ ਪੁੱਤਰੀ ਬਲਕਾਰ ਸਿੰਘ ਨੇ ਦੂਜਾ ਅਤੇ ਨੂਰਪ੍ਰੀਤ ਕੌਰ ਪੁੱਤਰੀ ਬਲਵੰਤ ਸਿੰਘ, ਮੰਨਤਪ੍ਰੀਤ ਕੌਰ ਪੁੱਤਰੀ ਹਰਜਿੰਦਰ ਸਿੰਘ, ਰਮਨ ਕੌਰ ਪੁੱਤਰੀ ਹਰਬੰਸ ਸਿੰਘ, ਸਿਮਰਨਪ੍ਰੀਤ ਕੌਰ ਪੁੱਤਰੀ ਹਰਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ, ਜਦਕਿ 7ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ( ਦੂਜੇ ਦਰਜੇ) ਦੇ ਬੱਚਿਆਂ ਵਿੱਚ ਸੁਖਮਨਪ੍ਰੀਤ ਕੌਰ ਪੁੱਤਰੀ ਕਮਲਜੀਤ ਸਿੰਘ ਨੇ ਪਹਿਲਾ , ਜਦਕਿ ਖੁਸ਼ਪ੍ਰੀਤ ਕੌਰ ਪੁੱਤਰੀ ਦਲਬੀਰ ਸਿੰਘ ਨੇ ਦੂਜਾ ਅਤੇ ਖੁਸ਼ਪ੍ਰੀਤ ਕੌਰ ਪੁੱਤਰੀ ਸੁਖਵਿੰਦਰ ਸਿੰਘ, ਅਨਮੋਲਜੋਤ ਕੌਰ ਪੁੱਤਰੀ ਬਲਕਾਰ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਪਹਿਲੇ ਗਰੁੱਪ ਵਿੱਚ ਸੁੰਦਰ ਲਿਖਾਈ ਵਿੱਚ ਨਵਨੀਤ ਕੌਰ ਪੁੱਤਰੀ ਅਮਰਜੀਤ ਸਿੰਘ ਨੇ ਪਹਿਲਾ ਅਤੇ ਦੂਜੇ ਗਰੁੱਪ ਵਿੱਚ ਸੁੰਦਰ ਲਿਖਾਈ ਵਿੱਚ ਅੰਮ੍ਰਿਤ ਕੌਰ ਪੁੱਤਰੀ ਗੁਰਧਿਆਨ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ , ਜਿਨ੍ਹਾਂ ਨੂੰ ਸਰਟੀਫਿਕੇਟ ਅਤੇ ਮਾਤਾ ਗੁਜ਼ਰ ਕੌਰ ਤੇ ਚਾਰ ਸਾਹਿਬਜਾਦਿਆਂ ਦੀ ਤਸ਼ਵੀਰ ਭੇਂਟ ਕੀਤੀ ਗਈ। ਪ੍ਰੀਖਿਆ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਤਮਗੇ ਤੇ ਸਰਟੀਫਿਕੇਟ ਭੇਟ ਕੀਤੇ। ਇਸ ਮੌਕੇ ਪ੍ਰੀਖਿਆ ਲੈਣ ਪੁੱਜੇ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਧਰਮਗੜ੍ਹ, ਨਿਊ ਸ਼ਿਵਾਲਿਕ ਸਕੂਲ ਡੈਹਰ ਅਤੇ ਡੀਪੀਐਸ ਕਿਡਸ ਸਕੂਲ ਲਾਲੜੂ ਦੇ ਅਧਿਆਪਕਾਂ ਨੂੰ ਸੁਸਾਇਟੀ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਹਿੰਦੂਸਥਾਨ ਸਮਾਚਾਰ