ਮਾਸਕੋ, 01 ਜਨਵਰੀ (ਹਿੰ.ਸ.)। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਨਵੇਂ ਸਾਲ ਦੀ ਪੂਰਵ ਸੰਧਿਆ ‘ਤੇ ਮੰਗਲਵਾਰ ਨੂੰ ਟੈਲੀਵਿਜ਼ਨ ‘ਤੇ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਕ੍ਰੇਮਲਿਨ ਮੁਖੀ ਨੇ ਕਿਹਾ, “ਹਾਂ, ਅਸੀਂ ਅਜੇ ਵੀ ਬਹੁਤ ਕੁੱਝ ਤੈਅ ਕਰਨਾ ਹੈ, ਪਰ ਜੋ ਪਹਿਲਾਂ ਕੀਤਾ ਜਾ ਚੁੱਕਾ ਹੈ, ਉਸ ’ਤੇ ਅਸੀਂ ਮਾਣ ਕਰ ਸਕਦੇ ਹਾਂ।” ਉਨ੍ਹਾਂ ਨੇ ਕਿਹਾ ਕਿ 25 ਸਾਲਾਂ ਨੇ “ਅੱਗੇ ਦੇ ਵਿਕਾਸ” ਲਈ ਰਾਹ ਪੱਧਰਾ ਕੀਤਾ ਹੈ।ਦਿ ਮਾਸਕੋ ਟਾਈਮਜ਼ ਮੁਤਾਬਕ, ਪੁਤਿਨ ਨੇ ਆਪਣੇ ਭਾਸ਼ਣ ‘ਚ ਦੇਸ਼ ਦੀਆਂ ਉਪਲੱਬਧੀਆਂ ਦੀ ਤਾਰੀਫ ਕੀਤੀ। ਪੁਤਿਨ ਨੇ ਆਪਣੇ ਪੂਰਵਵਰਤੀ ਬੋਰਿਸ ਯੇਲਤਸਿਨ ਤੋਂ ਸੱਤਾ ਸੰਭਾਲਣ ਤੋਂ ਠੀਕ 25 ਸਾਲ ਬਾਅਦ ਦਿੱਤੇ ਸੰਬੋਧਨ ਵਿਚ ਯੂਕਰੇਨ ਯੁੱਧ ਦਾ ਸਪੱਸ਼ਟ ਤੌਰ ‘ਤੇ ਜ਼ਿਕਰ ਨਹੀਂ ਕੀਤਾ। ਉਨ੍ਹਾਂ ਦਾ ਭਾਸ਼ਣ ਮੁੱਖ ਤੌਰ ‘ਤੇ ਸ਼ੁਭ ਇੱਛਾਵਾਂ ‘ਤੇ ਕੇਂਦਰਿਤ ਰਿਹਾ। ਪੁਤਿਨ ਨੇ ਕਿਹਾ “ਪਿਆਰੇ ਦੋਸਤੋ, ਕੁਝ ਹੀ ਮਿੰਟਾਂ ਵਿੱਚ ਸਾਲ 2025 ਸ਼ੁਰੂ ਹੋ ਜਾਵੇਗਾ, ਜੋ 21ਵੀਂ ਸਦੀ ਦੀ ਪਹਿਲੀ ਤਿਮਾਹੀ ਨੂੰ ਪੂਰਾ ਕਰੇਗਾ।” ਉਨ੍ਹਾਂ ਰੂਸੀ ਸੈਨਿਕਾਂ ਦੀ ਵੀ ਤਾਰੀਫ਼ ਕੀਤੀ।
ਪੁਤਿਨ ਨੇ ਕਿਹਾ, “ਨਵੇਂ ਸਾਲ ਦੀ ਦਹਿਲੀਜ਼ ‘ਤੇ ਅਸੀਂ ਭਵਿੱਖ ਬਾਰੇ ਸੋਚ ਰਹੇ ਹਾਂ। ਸਾਨੂੰ ਯਕੀਨ ਹੈ ਕਿ ਸਭ ਕੁਝ ਠੀਕ ਹੋ ਜਾਵੇਗਾ। ਅਸੀਂ ਸਿਰਫ਼ ਅੱਗੇ ਵਧਾਂਗੇ।” ਵਰਣਨਯੋਗ ਹੈ ਕਿ 1999 ਵਿਚ ਨਵੇਂ ਸਾਲ ਦੀ ਸ਼ਾਮ ਨੂੰ ਬੋਰਿਸ ਯੇਲਤਸਿਨ ਨੇ ਅਚਾਨਕ ਅਸਤੀਫਾ ਦੇ ਦਿੱਤਾ ਸੀ ਅਤੇ ਆਪਣੇ ਭਾਸ਼ਣ ਵਿਚ ਦੇਸ਼ ਵਿਚ ਉਥਲ-ਪੁਥਲ ਲਈ ਮੁਆਫੀ ਮੰਗੀ ਸੀ। ਉਦੋਂ ਪੁਤਿਨ ਨੂੰ ਕਾਰਜਕਾਰੀ ਰਾਸ਼ਟਰਪਤੀ ਨਿਯੁਕਤ ਕੀਤਾ ਗਿਆ ਸੀ। ਟੈਲੀਵਿਜ਼ਨ ‘ਤੇ ਨਵੇਂ ਸਾਲ ਦੀ ਸ਼ਾਮ ਦਾ ਭਾਸ਼ਣ ਸੋਵੀਅਤ ਨੇਤਾ ਲਿਓਨਿਡ ਬ੍ਰੇਜ਼ਨੇਵ ਦੁਆਰਾ ਸ਼ੁਰੂ ਕੀਤੀ ਗਈ ਪਰੰਪਰਾ ਦੀ ਪਾਲਣਾ ਕਰਦਾ ਹੈ। ਇਹ ਰੂਸ ਦੇ 11 ਟਾਈਮ ਜ਼ੋਨਾਂ ਵਿੱਚੋਂ ਹਰੇਕ ਵਿੱਚ ਅੱਧੀ ਰਾਤ ਤੋਂ ਠੀਕ ਪਹਿਲਾਂ ਸਰਕਾਰੀ ਟੀਵੀ ‘ਤੇ ਪ੍ਰਸਾਰਿਤ ਕੀਤਾ ਜਾਂਦਾ ਹੈ।
ਹਿੰਦੂਸਥਾਨ ਸਮਾਚਾਰ