Melbourne Test:ਆਸਟ੍ਰੇਲੀਆ ਦੇ ਖਿਲਾਫ ਚੱਲ ਰਹੇ ਬਾਕਸਿੰਗ ਡੇ ਟੈਸਟ ਮੈਚ ‘ਚ ਭਾਰਤੀ ਟੀਮ ਹੁਣ ਕਾਫੀ ਮੁਸ਼ਕਿਲ ਵਿੱਚ ਆ ਗਈ ਹੈ। 340 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਨੇ ਪੰਜਵੇਂ ਦਿਨ ਲੰਚ ਤੱਕ ਸਿਰਫ਼ 33 ਦੌੜਾਂ ‘ਤੇ ਤਿੰਨ ਵਿਕਟਾਂ ਗੁਆ ਦਿੱਤੀਆਂ ਹਨ। ਯਸ਼ਸਵੀ ਜੈਸਵਾਲ 14 ਦੌੜਾਂ ਬਣਾ ਕੇ ਨਾਬਾਦ ਹਨ। ਭਾਰਤੀ ਟੀਮ ਟੀਚੇ ਤੋਂ 307 ਦੌੜਾਂ ਦੂਰ ਹੈ।
340 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੂੰ ਯਸ਼ਸਵੀ ਅਤੇ ਰੋਹਿਤ ਸ਼ਰਮਾ ਨੇ ਚੰਗੀ ਸ਼ੁਰੂਆਤ ਦਿੱਤੀ ਅਤੇ ਪਹਿਲੀ ਵਿਕਟ ਲਈ 25 ਦੌੜਾਂ ਜੋੜੀਆਂ। ਹਾਲਾਂਕਿ ਉਸੇ ਸਕੋਰ ‘ਤੇ ਪੈਟ ਕਮਿੰਸ ਨੇ ਰੋਹਿਤ ਸ਼ਰਮਾ ਅਤੇ ਕੇਐੱਲ ਰਾਹੁਲ ਨੂੰ ਇੱਕੋ ਓਵਰ ‘ਚ ਆਊਟ ਕਰਕੇ ਭਾਰਤ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ। ਵਿਰਾਟ ਕੋਹਲੀ ਇਕ ਵਾਰ ਫਿਰ ਅਸਫਲ ਰਹੇ ਅਤੇ 5 ਦੌੜਾਂ ਬਣਾ ਕੇ 33 ਦੇ ਕੁੱਲ ਸਕੋਰ ‘ਤੇ ਮਿਸ਼ੇਲ ਸਟਾਰਕ ਦਾ ਸ਼ਿਕਾਰ ਬਣੇ। ਕੋਹਲੀ ਦੇ ਆਊਟ ਹੁੰਦੇ ਹੀ ਲੰਚ ਦਾ ਐਲਾਨ ਕਰ ਦਿੱਤਾ ਗਿਆ।
ਆਸਟ੍ਰੇਲੀਆ ਨੇ ਦੂਜੀ ਪਾਰੀ ‘ਚ ਬਣਾਈਆ 234 ਦੌੜਾਂ, 340 ਦੌੜਾਂ ਦਾ ਟੀਚਾ ਰੱਖਿਆ
ਇਸ ਤੋਂ ਪਹਿਲਾਂ ਅੱਜ ਆਸਟ੍ਰੇਲੀਆ ਦੀ ਦੂਜੀ ਪਾਰੀ 234 ਦੌੜਾਂ ‘ਤੇ ਸਮਾਪਤ ਹੋਈ। ਆਸਟ੍ਰੇਲੀਆਈ ਟੀਮ ਨੇ ਪਹਿਲੀ ਪਾਰੀ ਵਿੱਚ 105 ਦੌੜਾਂ ਦੀ ਲੀਡ ਹਾਸਲ ਕੀਤੀ ਜਿਸ ਕਾਰਨ ਉਸ ਦੀ ਕੁੱਲ ਲੀਡ 339 ਦੌੜਾਂ ਹੋ ਗਈ ਅਤੇ ਭਾਰਤ ਨੂੰ 340 ਦੌੜਾਂ ਦਾ ਟੀਚਾ ਮਿਲਿਆ। ਦੂਸਰੀ ਪਾਰੀ ਵਿੱਚ ਆਸਟ੍ਰੇਲੀਆ ਲਈ ਮਾਰਨਸ ਲਾਬੂਸ਼ੇਨ ਨੇ ਸ਼ਾਨਦਾਰ ਅਰਧ ਸੈਂਕੜਾ ਖੇਡਿਆ ਅਤੇ 70 ਦੌੜਾਂ ਬਣਾਈਆਂ। ਲਾਬੂਸ਼ੇਨ ਤੋਂ ਇਲਾਵਾ ਪੈਟ ਕਮਿੰਸ ਅਤੇ ਨਾਥਨ ਲਿਓਨ ਨੇ 41-41 ਦੌੜਾਂ ਬਣਾਈਆਂ।
ਆਸਟ੍ਰੇਲਿਆਈ ਪਾਰੀ ਦੀ ਖਾਸ ਗੱਲ ਲਿਓਨ ਅਤੇ ਬੋਲੈਂਡ ਵਿਚਾਲੇ ਆਖਰੀ ਵਿਕਟ ਲਈ 61 ਦੌੜਾਂ ਦੀ ਸਾਂਝੇਦਾਰੀ ਸੀ, ਜਿਸ ਵਿੱਚ ਬੋਲੈਂਡ ਵੱਲੋਂ ਨਾਬਾਦ 15 ਦੌੜਾਂ ਸ਼ਾਮਲ ਸਨ।
ਭਾਰਤ ਲਈ ਜਸਪ੍ਰੀਤ ਬੁਮਰਾਹ ਨੇ 5, ਮੁਹੰਮਦ ਸਿਰਾਜ ਨੇ 3 ਅਤੇ ਰਵਿੰਦਰ ਜਡੇਜਾ ਨੇ 1 ਵਿਕਟ ਲਈ।
ਭਾਰਤ ਨੇ ਪਹਿਲੀ ਪਾਰੀ ’ਚ ਬਣਾਈਆਂ 369 ਦੌੜਾਂ, ਨਿਤੀਸ਼ ਰੈਡੀ ਨੇ ਸੈਂਕੜਾ, ਯਸ਼ਸਵੀ ਅਤੇ ਵਾਸ਼ਿੰਗਟਨ ਸੁੰਦਰ ਨੇ ਲਗਾਏ ਅਰਧ ਸੈਂਕੜੇ
ਇਸ ਤੋਂ ਪਹਿਲਾਂ ਭਾਰਤ ਨੇ ਆਪਣੀ ਪਹਿਲੀ ਪਾਰੀ ਵਿੱਚ ਨਿਤੀਸ਼ ਰੈਡੀ ਦੇ ਸੈਂਕੜੇ, ਯਸ਼ਸਵੀ ਜੈਸਵਾਲ ਅਤੇ ਵਾਸ਼ਿੰਗਟਨ ਸੁੰਦਰ ਦੇ ਅਰਧ ਸੈਂਕੜਿਆਂ ਦੀ ਬਦੌਲਤ 369 ਦੌੜਾਂ ਬਣਾਈਆਂ। ਨਿਤੀਸ਼ ਨੇ 114 ਦੌੜਾਂ ਬਣਾਈਆਂ, ਜਦਕਿ ਯਸ਼ਸਵੀ ਨੇ 82 ਦੌੜਾਂ ਅਤੇ ਸੁੰਦਰ ਨੇ 50 ਦੌੜਾਂ ਦੀ ਅਹਿਮ ਪਾਰੀ ਖੇਡੀ। ਇਨ੍ਹਾਂ ਦੋਵਾਂ ਤੋਂ ਇਲਾਵਾ ਵਿਰਾਟ ਕੋਹਲੀ ਨੇ 36 ਅਤੇ ਕੇਐਲ ਰਾਹੁਲ ਨੇ 24 ਦੌੜਾਂ ਬਣਾਈਆਂ। ਆਸਟ੍ਰੇਲੀਆ ਲਈ ਕਪਤਾਨ ਪੈਟ ਕਮਿੰਸ, ਸਕਾਟ ਬੋਲੈਂਡ ਅਤੇ ਨਾਥਨ ਲਿਓਨ ਨੇ 3-3 ਵਿਕਟਾਂ ਲਈਆਂ।
ਆਸਟ੍ਰੇਲੀਆ ਨੇ ਪਹਿਲੀ ਪਾਰੀ ‘ਚ ਬਣਾਈਆਂ 474 ਦੌੜਾਂ, ਸਮਿਥ ਦਾ ਸੈਂਕੜਾ
ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਆਪਣੀ ਪਹਿਲੀ ਪਾਰੀ ਵਿੱਚ 474 ਦੌੜਾਂ ਬਣਾਈਆਂ ਸਨ। ਸਟੀਵ ਸਮਿਥ ਨੇ 140 ਦੌੜਾਂ ਦੀ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਖੇਡੀ। ਸਮਿਥ ਤੋਂ ਇਲਾਵਾ ਉਸਮਾਨ ਖਵਾਜਾ ਨੇ 57, ਮਾਰਨਸ ਲੈਬੁਸ਼ਗਨ ਨੇ 72 ਅਤੇ ਸੈਮ ਕੋਂਸਟਾਸ ਨੇ 60 ਦੌੜਾਂ ਬਣਾਈਆਂ। ਇਨ੍ਹਾਂ ਚਾਰਾਂ ਤੋਂ ਇਲਾਵਾ ਪੈਟ ਕਮਿੰਸ (49) ਅਤੇ ਐਲੇਕਸ ਕੈਰੀ (31) ਨੇ ਵੀ ਅਹਿਮ ਪਾਰੀਆਂ ਖੇਡੀਆਂ। ਭਾਰਤ ਲਈ ਜਸਪ੍ਰੀਤ ਬੁਮਰਾਹ ਨੇ 4 ਵਿਕਟਾਂ, ਰਵਿੰਦਰ ਜਡੇਜਾ ਨੇ 3 ਵਿਕਟਾਂ, ਆਕਾਸ਼ਦੀਪ ਨੇ 2 ਅਤੇ ਵਾਸ਼ਿੰਗਟਨ ਸੁੰਦਰ ਨੇ 1 ਵਿਕਟ ਲਈ।
ਹਿੰਦੂਸਥਾਨ ਸਮਾਚਾਰ