ਨਵੀਂ ਦਿੱਲੀ, 28 ਦਸੰਬਰ (ਹਿੰ.ਸ.)। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ ਨੂੰ ਅੱਜ ਸਵੇਰੇ ਕਾਂਗਰਸ ਦੇ ਮੁੱਖ ਦਫ਼ਤਰ ਵਿਖੇ ਅੰਤਿਮ ਦਰਸ਼ਨਾਂ ਲਈ ਲਿਆਂਦਾ ਗਿਆ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ, ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਅਤੇ ਉਨ੍ਹਾਂ ਦੀ ਬੇਟੀ ਦਮਨ ਸਿੰਘ ਆਦਿ ਨੇ ਮਰਹੂਮ ਨੇਤਾ ਦੇ ਦਰਸ਼ਨ ਕੀਤੇ।
ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਸਾਬਕਾ ਪ੍ਰਧਾਨ ਮੰਤਰੀ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਰਾਸ਼ਟਰੀ ਗੀਤ ਗਾ ਕੇ ਹੰਝੂ ਭਰੀਆਂ ਅੱਖਾਂ ਨਾਲ ਉਨ੍ਹਾਂ ਨੂੰ ਵਿਦਾਇਗੀ ਦਿੱਤੀ। ਕਾਂਗਰਸ ਹੈੱਡਕੁਆਰਟਰ ਵਿਖੇ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਦੇਣ ਵਾਲਿਆਂ ਵਿਚ ਸੰਸਦ ਮੈਂਬਰ ਗੌਰਵ ਗੋਗੋਈ, ਰੇਵੰਤ ਰੈਡੀ, ਅਲਕਾ ਲਾਂਬਾ ਆਦਿ ਪ੍ਰਮੁੱਖ ਹਨ।ਉਨ੍ਹਾਂ ਦੀ ਅੰਤਿਮ ਯਾਤਰਾ ਸਵੇਰੇ ਕਰੀਬ 09.45 ਵਜੇ ਕਾਂਗਰਸ ਹੈੱਡਕੁਆਰਟਰ ਤੋਂ ਨਿਗਮ ਬੋਧ ਘਾਟ ਤੱਕ ਸ਼ੁਰੂ ਹੋਈ। ਡਾ. ਮਨਮੋਹਨ ਸਿੰਘ ਦਾ ਅੰਤਿਮ ਸੰਸਕਾਰ 11:45 ਵਜੇ ਨਿਗਮ ਬੋਧ ਘਾਟ ਵਿਖੇ ਸਰਕਾਰੀ ਅਤੇ ਪੂਰੇ ਫੌਜੀ ਸਨਮਾਨਾਂ ਨਾਲ ਕੀਤਾ ਜਾਵੇਗਾ। ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਡਾ. ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਦੇ ਘਰ ਪਹੁੰਚੇ ਸਨ। ਜ਼ਿਕਰਯੋਗ ਹੈ ਕਿ ਡਾ. ਸਿੰਘ ਦਾ ਵੀਰਵਾਰ ਨੂੰ 92 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ ਸੀ। ਸਿੰਘ ਨੇ ਰਾਤ 9.51 ‘ਤੇ ਏਮਜ਼ ‘ਚ ਆਖਰੀ ਸਾਹ ਲਿਆ।
ਬਾਇਡੇਨ ਨੇ ਸਿੰਘ ਦੇ ਦਿਹਾਂਤ ’ਤੇ ਸੋਗ ਪ੍ਰਗਟਾਇਆ
ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦਿਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਔਖੇ ਸਮੇਂ ਵਿੱਚ ਭਾਰਤ ਦੇ ਨਾਲ ਹਾਂ ਅਤੇ ਮਨਮੋਹਨ ਸਿੰਘ ਦੇ ਕੰਮ ਦੀ ਸ਼ਲਾਘਾ ਕਰਦੇ ਹਾਂ। ਉਨ੍ਹਾਂ ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ, ਉਨ੍ਹਾਂ ਦੇ ਤਿੰਨ ਬੱਚਿਆਂ ਅਤੇ ਭਾਰਤ ਦੇ ਸਾਰੇ ਲੋਕਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ।
ਹਿੰਦੂਸਥਾਨ ਸਮਾਚਾਰ