New Delhi: ਮਰਹੂਮ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਸਨਮਾਨ ਵਿੱਚ ਅਗਲੇ ਸੱਤ ਦਿਨਾਂ ਲਈ ਭਾਰਤੀ ਰਾਸ਼ਟਰੀ ਕਾਂਗਰਸ ਦੇ ਸਥਾਪਨਾ ਦਿਵਸ ਸਮਾਗਮਾਂ ਸਮੇਤ ਸਾਰੇ ਅਧਿਕਾਰਤ ਪ੍ਰੋਗਰਾਮਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਕਾਂਗਰਸ ਪਾਰਟੀ ਦੇ ਕੌਮੀ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਬੀਤੀ ਦੇਰ ਰਾਤ ਇਹ ਜਾਣਕਾਰੀ ਦਿੱਤੀ।ਕੇਸੀ ਵੇਣੂਗੋਪਾਲ ਨੇ ਦੱਸਿਆ ਕਿ ਇਸ ਦੌਰਾਨ ਰੱਦ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਵਿੱਚ ਸਾਰੇ ਅੰਦੋਲਨਕਾਰੀ ਅਤੇ ਆਊਟਰੀਚ ਪ੍ਰੋਗਰਾਮ ਸ਼ਾਮਲ ਹਨ। ਪਾਰਟੀ ਦੇ ਪ੍ਰੋਗਰਾਮ 3 ਜਨਵਰੀ 2025 ਨੂੰ ਮੁੜ ਸ਼ੁਰੂ ਹੋਣਗੇ। ਇਸ ਸੋਗ ਦੌਰਾਨ ਪਾਰਟੀ ਦਾ ਝੰਡਾ ਅੱਧਾ ਝੁਕਿਆ ਰਹੇਗਾ।ਕਾਂਗਰਸ ਨੇਤਾ ਅਤੇ ਰਾਜ ਸਭਾ ਮੈਂਬਰ ਰਣਦੀਪ ਸੁਰਜੇਵਾਲਾ ਨੇ ਦੱਸਿਆ ਕਿ ਡਾ. ਮਨਮੋਹਨ ਸਿੰਘ ਦੇ ਸਨਮਾਨ ਵਿੱਚ, ਕਾਂਗਰਸ ਨੇ ਸ਼ੁੱਕਰਵਾਰ ਨੂੰ ਕਰਨਾਟਕ ਦੇ ਬੇਲਗਾਮ ਵਿੱਚ “ਜੈ ਬਾਪੂ, ਜੈ ਭੀਮ, ਜੈ ਸੰਵਿਧਾਨ ਰੈਲੀ” ਨੂੰ ਰੱਦ ਕਰ ਦਿੱਤਾ ਹੈ। ਕਰਨਾਟਕ ਪ੍ਰਦੇਸ਼ ਕਾਂਗਰਸ ਭਲਕੇ ਡਾ. ਮਨਮੋਹਨ ਸਿੰਘ ਦੀ ਯਾਦ ਵਿੱਚ ਇੱਕ ਸ਼ੋਕ ਸਭਾ ਦਾ ਆਯੋਜਨ ਕਰੇਗੀ।ਕਾਂਗਰਸ ਆਗੂ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਡਾ. ਮਨਮੋਹਨ ਸਿੰਘ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਆਪਣੇ ਸ਼ੋਕ ਸੰਦੇਸ਼ ਵਿੱਚ ਕਿਹਾ, “ਮੈਂ ਇੱਕ ਮਾਰਗਦਰਸ਼ਕ ਨੂੰ ਗੁਆ ਦਿੱਤਾ। ਸਾਡੇ ਲੱਖਾਂ ਲੋਕ ਜੋ ਉਨ੍ਹਾਂ ਦੇ ਪ੍ਰਸ਼ੰਸਕ ਸਨ, ਉਨ੍ਹਾਂ ਨੂੰ ਬਹੁਤ ਮਾਣ ਨਾਲ ਯਾਦ ਕਰਨਗੇ। ਮਨਮੋਹਨ ਸਿੰਘ ਜੀ ਨੇ ਬਹੁਤ ਸਿਆਣਪ ਅਤੇ ਇਮਾਨਦਾਰੀ ਨਾਲ ਭਾਰਤ ਦੀ ਅਗਵਾਈ ਕੀਤੀ। ਉਨ੍ਹਾਂ ਦੀ ਨਿਮਰਤਾ ਅਤੇ ਅਰਥ ਸ਼ਾਸਤਰ ਦੀ ਡੂੰਘੀ ਸਮਝ ਨੇ ਸਮੁੱਚੇ ਦੇਸ਼ ਨੂੰ ਪ੍ਰੇਰਿਤ ਕੀਤਾ। ਸ਼੍ਰੀਮਤੀ ਕੌਰ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਮੇਰੀ ਦਿਲੀ ਹਮਦਰਦੀ।’’
ਹਿੰਦੂਸਥਾਨ ਸਮਾਚਾਰ