Tarn Taran News: ਤਰਨਤਾਰਨ ਦੇ ਪਿੰਡ ਧੁੰਨ ਢਾਏ ਵਾਲਾ ਵਿਖੇ ਤਿੰਨ ਗੈਂਗਸਟਰਾਂ ਅਤੇ ਪੁਲਸ ਵਿਚਾਲੇ ਮੁਕਾਬਲਾ ਗੋਲੀ ਲੱਗਣ ਨਾਲ ਦੋ ਗੈਂਗਸਟਰ ਜ਼ਖਮੀ ਹੋ ਗਏ। ਅੱਤਵਾਦੀ ਲਖਬੀਰ ਲੰਡਾ ਗਿਰੋਹ ਦੇ ਤਿੰਨ ਬਦਮਾਸ਼ਾਂ ਨੂੰ ਗੋਲੀਆਂ ਲੱਗੀਆਂ ਹਨ। ਇਨ੍ਹਾਂ ਹੀ ਨਹੀਂ ਆਪਸੀ ਗੋਲੀਬਾਰੀ ਦੌਰਾਨ ਲੰਡਾ ਗਿਰੋਹ ਦੇ ਦੋ ਬਦਮਾਸ਼ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹੋਏ ਹਨ।
ਦੱਸ ਦਈਏ ਕਿ ਪੁਲਸ ਵੱਲੋਂ ਫੜੇ ਗਏ ਬਦਮਾਸ਼ਾਂ ਦੀ ਪਛਾਣ ਕੁਲਦੀਪ ਸਿੰਘ ਲੱਡੂ, ਯਾਦਵਿੰਦਰ ਸਿੰਘ ਯਾਦਾ ਅਤੇ ਪ੍ਰਭਜੀਤ ਸਿੰਘ ਜੱਜ ਵੱਜੋਂ ਹੋਈ ਹੈ। ਪੁਲਿਸ ਅਤੇ ਬਦਮਾਸ਼ਾਂ ਵਿੱਚ ਹੋਈ ਫਾਈਰਿੰਗ ਦੌਰਾਨ ਕੁਲਦੀਪ ਸਿੰਘ ਲੱਡੂ ਅਤੇ ਯਾਦਵਿੰਦਰ ਸਿੰਘ ਯਾਦਾ ਦੇ ਪੈਰਾਂ ਵਿੱਚ ਗੋਲੀਆਂ ਲੱਗੀਆਂ ਹਨ। ਜ਼ਖਮੀਆਂ ਨੂੰ ਪੁਲਿਸ ਵੱਲੋਂ ਹਸਪਤਾਲ ਦਾਖਲ ਕਰਵਾਇਆ ਹੈ।
ਇਸ ਘਟਨਾ ਦੌਰਾਨ ਮੌਕੇ ’ਤੇ ਪੁਲਸ ਪਾਰਟੀ ਸਮੇਤ ਪਹੁੰਚੇ ਡੀ.ਐਸ.ਪੀ. ਗੋਇੰਦਵਾਲ ਸਾਹਿਬ ਅਤੁਲ ਸੋਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਲਾਕੇ ਦੇ ਇਕ ਡਾਕਟਰ ਕੋਲੋਂ ਉਕਤ ਗੈਂਗਸਟਰਾਂ ਵਲੋਂ ਇਕ ਕਰੋੜ ਦੀ ਫਿਰੋਤੀ ਮੰਗੀ ਗਈ ਸੀ ਅਤੇ ਬਾਅਦ ਵਿਚ ਫਿਰ ਉਸੇ ਡਾਕਟਰ ਕੋਲੋਂ 50 ਲੱਖ ਫਿਰੌਤੀ ਦੀ ਮੰਗ ਕੀਤੀ ਸੀ। ਫਿਰੌਤੀ ਨਾ ਦੇਣ ਦੀ ਸੂਰਤ ਵਿਚ ਉਕਤ ਡਾਕਟਰ ਦੇ ਘਰ ’ਤੇ ਗੈਂਗਸਟਰਾਂ ਵਲੋਂ ਗੋਲੀਆਂ ਚਲਾਈਆਂ ਗਈਆਂ ਸਨ। ਇਸ ਸੰਬੰਧੀ ਐਸ.ਐਸ.ਪੀ. ਅਭੀਮੰਨੀਓ ਰਾਣਾ ਵਲੋਂ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਇਕ ਸਪੈਸ਼ਲ ਟੀਮ ਬਣਾਈ ਗਈ। ਪੁਲਸ ਨੂੰ ਖਬਰ ਮਿਲੀ ਕਿ ਗੈਂਗਸਟਰ ਪਿੰਡ ਧੁਨ ਢਾਏ ਵਾਲਾ ਖੇਤਰ ਦੇ ਆਸ ਪਾਸ ਲੁਕੇ ਹੋਏ ਹਨ, ਜਿਸ ’ਤੇ ਪੁਲਸ ਜਦ ਉਨ੍ਹਾਂ ਨੂੰ ਗਿ੍ਰਫ਼ਤਾਰ ਕਰਨ ਲਈ ਗਈ ਤਾਂ ਅੱਗੋਂ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ’ਤੇ ਜਵਾਬੀ ਕਾਰਵਾਈ ਵਿਚ ਪੁਲਿਸ ਵਲੋਂ ਵੀ ਗੋਲੀ ਚਲਾਈ ਗਈ, ਜਿਸ ਕਾਰਨ ਦੋ ਗੈਂਗਸਟਰਾ ਦੇ ਪੈਰਾਂ ਵਿਚ ਗੋਲੀਆਂ ਲੱਗੀਆਂ ਅਤੇ ਉਹ ਜ਼ਖ਼ਮੀ ਹੋ ਗਏ। ਪੁਲਸ ਵਲੋਂ ਤਿੰਨਾਂ ਨੂੰ ਕਾਬੂ ਕਰ ਲਿਆ ਗਿਆ। ਡੀ.ਐਸ.ਪੀ. ਅਤੁਲ ਸੋਨੀ ਨੇ ਦੱਸਿਆ ਕਿ ਫੜੇ ਗਏ ਗੈਂਗਸਟਰਾਂ ਦੀ ਪਛਾਣ ਕੁਲਦੀਪ ਸਿੰਘ ਲੱਡੂ, ਯਾਦਵਿੰਦਰ ਸਿੰਘ ਯਾਦਾ ਅਤੇ ਪ੍ਰਭਜੀਤ ਸਿੰਘ ਜੱਜ ਵਜੋਂ ਹੋਈ ਹੈ, ਜਿਨ੍ਹਾਂ ਦੇ ਸੰਬੰਧ ਵਿਦੇਸ਼ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਨਾਲ ਹਨ ਅਤੇ ਗੈਂਗਸਟਰ ਲੰਡਾ ਦੇ ਕਹਿਣ ’ਤੇ ਲੋਕਾਂ ਕੋਲੋਂ ਫਿਰੌਤੀਆਂ ਵਸੂਲਦੇ ਸਨ। ਜ਼ਖਮੀ ਹੋਏ ਗੈਂਗਸਟਰਾਂ ਕੁਲਦੀਪ ਸਿੰਘ ਲੱਡੂ ਅਤੇ ਯਾਦਵਿੰਦਰ ਸਿੰਘ ਯਾਦਾ ਨੂੰ ਪੈਰਾਂ ਵਿਚ ਗੋਲੀ ਲੱਗਣ ਕਾਰਨ ਸਿਵਲ ਹਸਪਤਾਲ ਤਰਨਤਾਰਨ ਵਿਖੇ ਦਾਖਲ ਕਰਵਾਇਆ ਗਿਆ ਹੈ।
ਹਿੰਦੂਸਥਾਨ ਸਮਾਚਾਰ