Gurdaspur Grenade Attack Mastermind:
ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਪੰਜਾਬ ਪੁਲਿਸ ਅਤੇ ਉੱਤਰ ਪ੍ਰਦੇਸ਼ ਪੁਲਿਸ ਦੀ ਸਾਂਝੀ ਕਾਰਵਾਈ ਵਿੱਚ ਤਿੰਨ ਖਾਲਿਸਤਾਨ ਸਮਰਥਕ ਅੱਤਵਾਦੀ ਮਾਰੇ ਗਏ। ਇਹ ਜਾਣਕਾਰੀ ਉੱਤਰ ਪ੍ਰਦੇਸ਼ ਦੇ ਪੁਲਿਸ ਡਾਇਰੈਕਟਰ ਜਨਰਲ ਪ੍ਰਸ਼ਾਂਤ ਕੁਮਾਰ ਨੇ ਦਿੱਤੀ। ਮਾਰੇ ਗਏ ਤਿੰਨਾਂ ਅੱਤਵਾਦੀਆਂ ‘ਤੇ ਗੁਰਦਾਸਪੁਰ ਪੁਲਿਸ ਚੌਕੀ ‘ਤੇ ਹੋਏ ਗ੍ਰਨੇਡ ਹਮਲੇ ‘ਚ ਸ਼ਾਮਲ ਹੋਣ ਦਾ ਵੀ ਦੋਸ਼ ਹੈ।
ਪ੍ਰਸ਼ਾਂਤ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉੱਤਰ ਪ੍ਰਦੇਸ਼ ਪੁਲਿਸ ਨੇ ਬਹਾਦਰੀ ਅਤੇ ਸ਼ੌਰਿਆ ਦਾ ਕੰਮ ਕੀਤਾ ਹੈ, ਜਿਸਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਸਾਡੀਆਂ ਟੀਮਾਂ ਬਾਰੀਕੀ ਨਾਲ ਜਾਂਚ ਕਰ ਰਹੀਆਂ ਹਨ ਕਿ ਇਹ ਲੋਕ ਕਿੱਥੇ ਰਹਿ ਰਹੇ ਸਨ। ਉਹ ਕਿਹੜੇ ਲੋਕਾਂ ਨੂੰ ਮਿਲੇ ਹਨ? ਆਖਿਰ ਇਹ ਅੱਤਵਾਦੀ ਕਿਸ ਮਕਸਦ ਨਾਲ ਪੀਲੀਭੀਤ ਆਏ ਸਨ? ਉਨ੍ਹਾਂ ਦਾ ਇੱਥੇ ਕੋਈ ਨੈੱਟਵਰਕ ਤਾਂ ਨਹੀਂ ਹੈ। ਟੀਮਾਂ ਅਜਿਹੇ ਕਈ ਸਵਾਲਾਂ ਦੀ ਜਾਂਚ ਕਰ ਰਹੀਆਂ ਹਨ।ਜ਼ਿਲ੍ਹਾ ਪੁਲਿਸ ਮੁਖੀ ਅਵਿਨਾਸ਼ ਕੁਮਾਰ ਨੇ ਦੱਸਿਆ ਕਿ ਅੱਤਵਾਦੀਆਂ ਕੋਲੋਂ ਬਰਾਮਦ ਹੋਏ ਦਸਤਾਵੇਜ਼ਾਂ ਤੋਂ ਇਨ੍ਹਾਂ ਦੀ ਪਛਾਣ ਗੁਰਵਿੰਦਰ ਸਿੰਘ, ਵਰਿੰਦਰ ਸਿੰਘ ਉਰਫ਼ ਰਵੀ ਅਤੇ ਜਸਨਪ੍ਰੀਤ ਸਿੰਘ ਉਰਫ਼ ਪ੍ਰਤਾਪ ਸਿੰਘ ਵਾਸੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ। ਉਨ੍ਹਾਂ ਕੋਲੋਂ ਬਰਾਮਦ ਹੋਇਆ ਮੋਟਰਸਾਈਕਲ ਇੱਕ ਦਿਨ ਪਹਿਲਾਂ ਪੂਰਨਪੁਰ ਇਲਾਕੇ ਤੋਂ ਚੋਰੀ ਕੀਤਾ ਗਿਆ ਸੀ। ਇਨ੍ਹਾਂ ਕੋਲੋਂ ਦੋ ਏ.ਕੇ.-47, ਦੋ ਵਿਦੇਸ਼ੀ ਗਲੋਕ ਪਿਸਤੌਲ ਅਤੇ ਭਾਰੀ ਮਾਤਰਾ ਵਿਚ ਗੋਲਾ ਬਾਰੂਦ ਬਰਾਮਦ ਹੋਇਆ ਹੈ। ਤਿੰਨਾਂ ‘ਤੇ ਪੰਜਾਬ ਦੇ ਗੁਰਦਾਸਪੁਰ ਦੀ ਪੁਲਿਸ ਚੌਕੀ ‘ਤੇ ਹੋਏ ਗ੍ਰਨੇਡ ਹਮਲੇ ‘ਚ ਵੀ ਸ਼ਾਮਲ ਹੋਣ ਦਾ ਦੋਸ਼ ਹੈ। ਉਨ੍ਹਾਂ ਦੀ ਭਾਲ ਲਈ ਪੰਜਾਬ ਪੁਲਿਸ ਪਹਿਲਾਂ ਹੀ ਇੱਥੇ ਡੇਰੇ ਲਾ ਰਹੀ ਸੀ।ਉਨ੍ਹਾਂ ਦੀ ਲੋਕੇਸ਼ਨ ਸੋਮਵਾਰ ਤੜਕੇ 4 ਵਜੇ ਪੂਰਨਪੁਰ ਕੋਤਵਾਲੀ ਇਲਾਕੇ ‘ਚ ਮਿਲੀ। ਇਸ ’ਤੇ ਪੰਜਾਬ ਪੁਲਿਸ ਅਤੇ ਉੱਤਰ ਪ੍ਰਦੇਸ਼ ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਰੋਕਣ ਲਈ ਘੇਰਾਬੰਦੀ ਕਰ ਦਿੱਤੀ। ਪੁਲਿਸ ਨਾਲ ਘਿਰਿਆ ਦੇਖ ਇਨ੍ਹਾਂ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਵਿੱਚ ਮਾਧੋਟਾਂਡਾ ਥਾਣੇ ਵਿੱਚ ਤਾਇਨਾਤ ਕਾਂਸਟੇਬਲ ਸੁਮਿਤ ਅਤੇ ਸ਼ਹਿਨਾਬਾਜ਼ ਜ਼ਖ਼ਮੀ ਹੋ ਗਏ। ਇਸਦੇ ਜਵਾਬ ‘ਚ ਪੁਲਿਸ ਵੱਲੋਂ ਵੀ ਗੋਲੀਬਾਰੀ ਕੀਤੀ ਗਈ, ਜਿਸ ‘ਚ ਤਿੰਨੋਂ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਪੂਰਨਪੁਰ ਸੀਐਚਸੀ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।ਜ਼ਿਕਰਯੋਗ ਹੈ ਕਿ 19 ਦਸੰਬਰ ਨੂੰ ਪੰਜਾਬ ਦੇ ਗੁਰਦਾਸਪੁਰ ਦੇ ਕਲਾਨੌਰ ਥਾਣੇ ਦੀ ਬਖਸ਼ੀਵਾਲ ਪੁਲਿਸ ਚੌਕੀ ‘ਤੇ ਗ੍ਰਨੇਡ ਹਮਲਾ ਹੋਇਆ ਸੀ। ਖਾਲਿਸਤਾਨ ਜ਼ਿੰਦਾਬਾਦ ਫੋਰਸ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਰਾਹੀਂ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਇਸ ਹਮਲੇ ਦਾ ਮਾਸਟਰ ਮਾਈਂਡ ਜਸਵਿੰਦਰ ਸਿੰਘ ਬਾਗੀ ਉਰਫ਼ ਮੰਨੂ ਅਗਵਾਨ ਹੈ।
ਮੁਕਾਬਲੇ ਵਿੱਚ ਮਾਰੇ ਗਏ ਅਪਰਾਧੀਆਂ ਦੀ ਪਛਾਣ
ਇਸ ਮੁਕਾਬਲੇ ਵਿੱਚ ਮਾਰੇ ਗਏ ਅਪਰਾਧੀਆਂ ਦੀ ਪਛਾਣ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਵਸਨੀਕ ਵਜੋਂ ਹੋਈ ਹੈ। ਮਾਰੇ ਗਏ ਅਪਰਾਧੀਆਂ ਵਿੱਚ ਸ਼ਾਮਲ ਹਨ:
ਗੁਰਵਿੰਦਰ ਸਿੰਘ (ਉਮਰ 25 ਸਾਲ) ਵਾਸੀ ਮੁਹੱਲਾ ਕਲਾਨੌਰ, ਥਾਣਾ ਕਲਾਨੌਰ, ਗੁਰਦਾਸਪੁਰ।
ਵਰਿੰਦਰ ਸਿੰਘ ਉਰਫ ਰਵੀ (ਉਮਰ 23 ਸਾਲ) ਵਾਸੀ ਪਿੰਡ ਅਗਵਾਨ, ਥਾਣਾ ਕਲਾਨੌਰ, ਗੁਰਦਾਸਪੁਰ।
ਜਸਨ ਪ੍ਰੀਤ ਸਿੰਘ ਉਰਫ਼ ਪ੍ਰਤਾਪ ਸਿੰਘ (ਉਮਰ 18 ਸਾਲ) ਵਾਸੀ ਪਿੰਡ ਨਿੱਕਾ ਸੁਰ, ਥਾਣਾ ਕਲਾਨੌਰ, ਗੁਰਦਾਸਪੁਰ।
ਪੀਲੀਭੀਤ ਪੁਲਿਸ ਨੇ ਅਗਲੇਰੀ ਕਾਰਵਾਈ ਕਰ ਦਿੱਤੀ ਹੈ
ਐਨਕਾਊਂਟਰ ਤੋਂ ਬਾਅਦ ਪੀਲੀਭੀਤ ਪੁਲਿਸ ਨੇ ਨਿਯਮਾਂ ਅਨੁਸਾਰ ਮਾਮਲੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਮੁਠਭੇੜ ਅਪਰਾਧੀਆਂ ਵਿਰੁੱਧ ਵੱਡੇ ਪੁਲਿਸ ਅਪ੍ਰੇਸ਼ਨ ਦਾ ਹਿੱਸਾ ਸੀ
ਹਿੰਦੂਸਥਾਨ ਸਮਾਚਾਰ