Chamkaur Sahib: ਯੂਥ ਅਕਾਲੀ ਦਲ ਵੱਲੋਂ ਅੱਜ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਚਮਕੌਰ ਸਾਹਿਬ ਵਿਖੇ ਵਿਸ਼ੇਸ਼ “ਮੇਰੀ ਦਸਤਾਰ, ਮੇਰੀ ਸ਼ਾਨ” ਕੈਂਪ ਲਗਾਇਆ ਗਿਆ। ਇਹ ਕੈਂਪ ਚਮਕੌਰ ਜੰਗ ਵਿੱਚ ਵੱਡੇੇ ਸਾਹਿਬਜ਼ਾਦਿਆਂ ਅਤੇ ਸਮੂਹ ਸ਼ਹੀਦਾਂ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਲਗਾਇਆ ਗਿਆ ਸੀ। ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਇਕੱਤਰ ਹੋਏ 600 ਤੋਂ ਵੱਧ ਸ਼ਰਧਾਲੂਆਂ ਦੇ ਮਾਣ ਅਤੇ ਵਿਰਾਸਤ ਦੇ ਪ੍ਰਤੀਕ ਵਜੋਂ ਦਸਤਾਰਾਂ ਬੰਨ੍ਹੀਆਂ ਗਈਆਂ।ਇਸ ਕੈਂਪ ਵਿੱਚ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਅਤੇ ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਰਵਿੰਦਰ ਸਿੰਘ ਖੇੜਾ ਮੁੱਖ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਖਾਸ ਤੌਰ ‘ਤੇ ਇਸ ਪਵਿੱਤਰ ਦਿਹਾੜੇ ‘ਤੇ ਸਿੱਖ ਪਰੰਪਰਾਵਾਂ ਅਤੇ ਕਦਰਾਂ-ਕੀਮਤਾਂ ਨੂੰ ਸੁਰੱਖਿਅਤ ਰੱਖਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਡਾਕਟਰ ਚੀਮਾ ਨੇ ਕਿਹਾ, “ਅਸੀਂ ਅੱਜ ਵੱਢੇ ਸਾਹਿਬਜ਼ਾਦਿਆਂ ਅਤੇ ਚਮਕੌਰ ਦੀ ਜੰਗ ਦੇ ਸਾਰੇ ਸ਼ਹੀਦਾਂ ਦੀ ਵਿਰਾਸਤ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ, ਜਿਨ੍ਹਾਂ ਨੇ ਸਾਡੇ ਵਿਸ਼ਵਾਸ ਅਤੇ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।”ਵੱਢੇ ਸਾਹਿਬਜ਼ਾਦੇ, ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਪੁੱਤਰ ਸਨ, ਜੋ 1705 ਵਿੱਚ ਚਮਕੌਰ ਦੀ ਲੜਾਈ ਵਿੱਚ ਮੁਗਲ ਸਾਮਰਾਜ ਦੀਆਂ ਫੌਜਾਂ ਨਾਲ ਲੜਦੇ ਹੋਏ ਸ਼ਹੀਦ ਹੋਏ ਸਨ। ਉਨ੍ਹਾਂ ਦੀ ਕੁਰਬਾਨੀ ਸਿੱਖ ਇਤਿਹਾਸ ਵਿੱਚ ਬਹੁਤ ਮਹੱਤਵ ਰੱਖਦੀ ਹੈ, ਜੋ ਸਿੱਖ ਧਰਮ ਦੀਆਂ ਕਦਰਾਂ-ਕੀਮਤਾਂ ਨੂੰ ਦਰਸਾਉਂਦੀ ਹੈ, ਜਿਸ ਵਿੱਚ ਹਿੰਮਤ, ਕੁਰਬਾਨੀ ਅਤੇ ਆਪਣੇ ਧਰਮ ਪ੍ਰਤੀ ਸ਼ਰਧਾ ਸ਼ਾਮਲ ਹੈ। “ਮੇਰੀ ਦਸਤਾਰ, ਮੇਰੀ ਸ਼ਾਨ” ਪਹਿਲਕਦਮੀ ਦਾ ਉਦੇਸ਼ ਸਿੱਖ ਸਵੈਮਾਣ, ਵਿਰਾਸਤ ਅਤੇ ਭਾਈਚਾਰੇ ਵਿੱਚ ਏਕਤਾ ਨੂੰ ਉਤਸ਼ਾਹਿਤ ਕਰਨਾ ਹੈ। ਯੂਥ ਅਕਾਲੀ ਦਲ ਲਗਾਤਾਰ ਪੰਜਾਬ ਭਰ ਵਿੱਚ ਅਜਿਹੇ ਦਸਤਾਰ ਸਜਾਉਣ ਦੇ ਕੈਂਪ ਲਗਾ ਕੇ ਸਿੱਖ ਪਛਾਣ ਅਤੇ ਕਦਰਾਂ ਕੀਮਤਾਂ ਨੂੰ ਪ੍ਰਫੁੱਲਤ ਕਰਦਾ ਆ ਰਿਹਾ ਹੈ।
ਹਿੰਦੂਸਥਾਨ ਸਮਾਚਾਰ