Mumbai News: ਮੁੰਬਈ ਨੇੜੇ ਨੀਲਕਮਲ ਕਿਸ਼ਤੀ ਹਾਦਸੇ ‘ਚ ਬਚਾਏ ਗਏ ਯਾਤਰੀ ਨਥਾਰਾਮ ਚੌਧਰੀ ਦੀ ਸ਼ਿਕਾਇਤ ‘ਤੇ ਵੀਰਵਾਰ ਨੂੰ ਕੋਲਾਬਾ ਪੁਲਿਸ ਸਟੇਸ਼ਨ ‘ਚ ਨੇਵਲ ਪੈਟਰੋਲਿੰਗ ਸਪੀਡ ਬੋਟ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਜਲ ਸੈਨਾ ਨੇ ਅੱਜ ਸਵੇਰੇ ਹਾਦਸਾਗ੍ਰਸਤ ਕਿਸ਼ਤੀ ਨੂੰ ਸਮੁੰਦਰੀ ਕੰਢੇ ਪਹੁੰਚਾਇਆ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜਲ ਸੈਨਾ, ਤੱਟ ਰੱਖਿਅਕ ਅਤੇ ਬਚਾਅ ਦਲ ਦੀਆਂ ਟੀਮਾਂ ਇਸ ਹਾਦਸੇ ‘ਚ ਲਾਪਤਾ ਦੋ ਲੋਕਾਂ ਦੀ ਸਵੇਰ ਤੋਂ ਹੀ ਸਮੁੰਦਰ ‘ਚ ਭਾਲ ਕਰ ਰਹੀਆਂ ਹਨ। ਇਹ ਜਾਣਕਾਰੀ ਕੇਲਾਬਾ ਪੁਲਿਸ ਨੇ ਦਿੱਤੀ।
ਇਸ ਘਟਨਾ ‘ਚ ਹੁਣ ਤੱਕ 13 ਲੋਕਾਂ ਦੀ ਮੌਤ ਹੋ ਚੁੱਕੀ ਹੈ, 101 ਲੋਕਾਂ ਨੂੰ ਬਚਾ ਲਿਆ ਗਿਆ ਹੈ। ਇਸ ਵਿਚ ਜਰਮਨੀ ਦੇ ਦੋ ਵਿਦੇਸ਼ੀ ਯਾਤਰੀ ਵੀ ਸ਼ਾਮਲ ਸਨ। ਮਰਨ ਵਾਲਿਆਂ ਵਿੱਚ 7 ਪੁਰਸ਼, 4 ਔਰਤਾਂ, 2 ਬੱਚੇ ਸ਼ਾਮਲ ਹਨ। ਇਨ੍ਹਾਂ ਦੀ ਪਛਾਣ ਮਹਿੰਦਰ ਸਿੰਘ ਸ਼ੇਖਾਵਤ, ਪ੍ਰਵੀਨ ਸ਼ਰਮਾ, ਮੰਗੇਸ਼, ਮੁਹੰਮਦ ਰੇਹਾਨ ਕੁਰੈਸ਼ੀ, ਰਾਕੇਸ਼ ਨਾਨਾਜੀ ਅਹੀਰੇ, ਸਫੀਆਨਾ ਪਠਾਨ, ਮਾਹੀ ਪਾਵਰਾ, ਅਕਸ਼ਤਾ ਰਾਕੇਸ਼ ਅਹੀਰੇ, ਮਿੱਠੂ ਰਾਕੇਸ਼ ਅਹੀਰੇ, ਦੀਪਕ ਵੀ. ਵਜੋਂ ਹੋਈ ਹੈ, ਜਦੋਂਕਿ ਖ਼ਬਰ ਲਿਖੇ ਜਾਣ ਤੱਕ ਤਿੰਨ ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ ਸੀ। ਇਸ ਘਟਨਾ ‘ਚ ਬਚਾਏ ਗਏ ਦੋ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਹਾਦਸੇ ਵਿੱਚ ਰਾਕੇਸ਼ ਨਾਨਾ ਅਹੀਰੇ ਦੇ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਉਹ ਨਾਸਿਕ ਜ਼ਿਲ੍ਹੇ ਦੇ ਪਿੰਪਲਗਾਓਂ ਬਸਵੰਤ ਦੇ ਰਹਿਣ ਵਾਲੇ ਸੀ। ਅਹੀਰੇ ਪਰਿਵਾਰ ਸੈਰ ਸਪਾਟੇ ਲਈ ਮੁੰਬਈ ਆਇਆ ਸੀ।
ਬੁੱਧਵਾਰ ਦੁਪਹਿਰ ਕਰੀਬ 3.15 ਵਜੇ ਗੇਟਵੇ ਆਫ ਇੰਡੀਆ ਤੋਂ ਐਲੀਫੈਂਟਾ ਸੈਰ-ਸਪਾਟਾ ਸਥਾਨ ਵੱਲ ਜਾ ਰਹੀ ਨੀਲਕਮਲ ਨਾਮ ਦੀ ਕਿਸ਼ਤੀ ਜਲ ਸੈਨਾ ਦੀ ਸਪੀਡਬੋਟ ਨਾਲ ਉਰਨ ਕਾਰੰਜਾ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ। ਜਲ ਸੈਨਾ ਦੀ ਸਪੀਡਬੋਟ ‘ਤੇ ਕਰੀਬ ਛੇ ਲੋਕ ਸਵਾਰ ਸਨ। ਇਨ੍ਹਾਂ ਵਿੱਚੋਂ ਤਿੰਨ ਦੀ ਮੌਤ ਹੋ ਗਈ ਹੈ, ਜਦੋਂ ਕਿ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਦੋ ਦਾ ਇਲਾਜ ਚੱਲ ਰਿਹਾ ਹੈ। ਜਲ ਸੈਨਾ ਨੇ ਦੱਸਿਆ ਕਿ ਸਪੀਡਬੋਟ ‘ਚ ਨਵਾਂ ਇੰਜਣ ਲਗਾਇਆ ਗਿਆ ਸੀ, ਜਿਸ ਦੀ ਜਾਂਚ ਕੀਤੀ ਜਾ ਰਹੀ ਸੀ ਅਤੇ ਅਚਾਨਕ ਇੰਜਣ ਫੇਲ ਹੋਣ ਕਾਰਨ ਸਪੀਡਬੋਟ ਬੇਕਾਬੂ ਹੋ ਗਈ ਸੀ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇਸ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਇਸ ਘਟਨਾ ਵਿੱਚ ਮਾਰੇ ਗਏ ਵਿਅਕਤੀਆਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ ਹੈ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ਵਿਚ ਮ੍ਰਿਤਕਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਖ਼ਬਰ ਲਿਖੇ ਜਾਣ ਤੱਕ ਸਮੁੰਦਰ ਵਿੱਚ ਦੋ ਲਾਪਤਾ ਵਿਅਕਤੀਆਂ ਦੀ ਭਾਲ ਜਾਰੀ ਹੈ।
ਹਿੰਦੂਸਥਾਨ ਸਮਾਚਾਰ