New Delhi: ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਐਨਸੀਆਰ ਵਿੱਚ ਪ੍ਰਦੂਸ਼ਣ ਦੇ ਨਾਲ-ਨਾਲ ਧੁੰਦ ਦੀ ਸਮੱਸਿਆ ਵੀ ਦੇਖਣ ਨੂੰ ਮਿਲ ਰਹੀ ਹੈ। ਵੀਰਵਾਰ ਨੂੰ ਪ੍ਰਦੂਸ਼ਣ ਦੀ ਸਥਿਤੀ ਹੋਰ ਵੀ ਚਿੰਤਾਜਨਕ ਹੋ ਗਈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਅੰਕੜਿਆਂ ਅਨੁਸਾਰ ਦਿੱਲੀ ਵਿੱਚ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) ਸਵੇਰੇ 448 ਦਰਜ ਕੀਤਾ ਗਿਆ, ਜੋ ਕਿ ‘ਗੰਭੀਰ’ ਸ਼੍ਰੇਣੀ ਵਿੱਚ ਆਉਂਦਾ ਹੈ। ਇਹ ਸਿਹਤ ਲਈ ਬੇਹੱਦ ਹਾਨੀਕਾਰਕ ਹੈ। ਖਾਸ ਕਰਕੇ ਸਾਹ ਦੀ ਸਮੱਸਿਆ ਵਾਲੇ ਮਰੀਜ਼ਾਂ ਅਤੇ ਛੋਟੇ ਬੱਚਿਆਂ ਲਈ। ਪ੍ਰਦੂਸ਼ਣ ਦੇ ਨਾਲ-ਨਾਲ ਦਿੱਲੀ ‘ਚ ਧੁੰਦ ਵੀ ਛਾਈ ਰਹੀ। ਮੌਸਮ ਵਿਗਿਆਨ ਵਿਭਾਗ ਨੇ 19 ਅਤੇ 20 ਦਸੰਬਰ ਲਈ ਧੁੰਦ ਦਾ ਆਰੇਂਜ ਅਲਰਟ ਜਾਰੀ ਕੀਤਾ ਹੈ। ਇਸਦੇ ਨਾਲ ਹੀ ਸ਼ਨੀਵਾਰ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਵਿਭਾਗ ਅਨੁਸਾਰ ਅੱਜ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਦਿੱਲੀ ਐਨਸੀਆਰ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵੀ ਪ੍ਰਦੂਸ਼ਣ ਦਾ ਪੱਧਰ ਬਹੁਤ ਜ਼ਿਆਦਾ ਹੈ। ਗੁਰੂਗ੍ਰਾਮ ਵਿੱਚ ਏਕਿਊਆਈ 370, ਗਾਜ਼ੀਆਬਾਦ ਵਿੱਚ 386, ਗ੍ਰੇਟਰ ਨੋਇਡਾ ਵਿੱਚ 351 ਅਤੇ ਨੋਇਡਾ ਵਿੱਚ 366 ਦਰਜ ਕੀਤਾ ਗਿਆ।ਦਿੱਲੀ ਦੇ ਲਗਭਗ ਸਾਰੇ ਕੇਂਦਰਾਂ ਵਿੱਚ ਏਕਿਊਆਈ 400 ਤੋਂ ਉੱਪਰ ਰਿਹਾ। ਆਈਟੀਓ ਵਿੱਚ ਇਹ 474, ਚਾਂਦਨੀ ਚੌਕ ਵਿੱਚ 386, ਇੰਡੀਆ ਗੇਟ ਵਿੱਚ 456, ਪਟਪੜਗੰਜ ਵਿੱਚ 446, ਮੰਦਰ ਮਾਰਗ ਵਿੱਚ 441, ਲੋਧੀ ਰੋਡ ਵਿੱਚ 394, ਆਨੰਦ ਵਿਹਾਰ ਵਿੱਚ 478, ਵਿਵੇਕ ਵਿਹਾਰ ਵਿੱਚ 476, ਨਹਿਰੂ ਨਗਰ ਵਿੱਚ 485, ਅਸ਼ੋਕ ਵਿਹਾਰ ਵਿੱਚ 474, ਨਾਰਥ ਕੈਂਪਸ ਡੀਯੂ ’ਚ 450, ਮਥੁਰਾ ਰੋਡ ਵਿੱਚ 467, ਸ਼ਾਦੀਪੁਰ ਵਿੱਚ 439, ਅਲੀਪੁਰ ਵਿੱਚ 450 ਏਕਿਊਆਈ ਿਕਾਰਡ ਕੀਤਾ ਗਿਆ।ਜ਼ਿਕਰਯੋਗ ਹੈ ਕਿ 0-50 ਵਿਚਕਾਰ ਏਕਿਊਆਈ ਨੂੰ ਚੰਗਾ, 51-100 ਸੰਤੋਖਜਨਕ, 101-200 ਦਰਮਿਆਨਾ, 201-300 ਮਾੜਾ, 301-400 ਬਹੁਤ ਮਾੜਾ ਅਤੇ 401-500 ਗੰਭੀਰ ਮੰਨਿਆ ਜਾਂਦਾ ਹੈ।
ਹਿੰਦੂਸਥਾਨ ਸਮਾਚਾਰ